ਨਵੀਂ ਦਿੱਲੀ, 2 ਅਪ੍ਰੈਲ, ਪੰਜਾਬੀ ਦੁਨੀਆ ਬਿਉਰੋ:
ਆਯੁਰਵੇਦ ਨੂੰ ਉਤਮ ਦੱਸਣ ਅਤੇ ਅੰਗਰੇਜ਼ੀ ਦਵਾਈਆਂ ਦੀ ਨਿੰਦਾ ਕਰਨ ਬਦਲੇ ਅੱਜ ਸੁਪਰੀਮ ਕੋਰਟ ਵਿਚ ਖੁਦ ਪੇਸ਼ ਹੋ ਕੇ ਬਾਬਾ ਰਾਮਦੇਵ ਨੂੰ ਸਫ਼ਾਈ ਦਿੰਦਿਆਂ ਮਾਫੀ ਮੰਗਣੀ ਪਈ। ਅਸਲ ਵਿੱਚ ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ ਵਿੱਚ ਫਟਕਾਰ ਲਗਾਈ ਸੀ ਅਤੇ ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਸੀ।
ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦੋਵੇਂ ਅੱਜ ਸੁਪਰੀਮ ਕੋਰਟ ਪਹੁੰਚੇ। ਸੁਣਵਾਈ ਦੌਰਾਨ ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਅਸੀਂ ਅਜਿਹੇ ਇਸ਼ਤਿਹਾਰ ਲਈ ਮੁਆਫੀ ਮੰਗਦੇ ਹਾਂ। ਯੋਗ ਗੁਰੂ ਰਾਮਦੇਵ ਖੁਦ ਅਦਾਲਤ ‘ਚ ਆਏ ਹਨ।
ਯੋਗ ਗੁਰੂ ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਅਸੀਂ ਇਸ ਅਦਾਲਤ ਤੋਂ ਭੱਜਣ ਵਾਲੇ ਨਹੀਂ ਹਾਂ। ਵਕੀਲ ਨੇ ਗੁੰਮਰਾਹਕੁੰਨ ਇਸ਼ਤਿਹਾਰ ਬਾਰੇ ਕਿਹਾ ਕਿ ਸਾਡੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਅਜਿਹਾ ਇਸ਼ਤਿਹਾਰ ਚੱਲਿਆ।
ਦੱਸਣਯੋਗ ਹੇ ਕਿ ਸੁਪਰੀਮ ਕੋਰਟ ਨੇ ਨਵੰਬਰ 2023 ਵਿੱਚ ਹੀ ਪਤੰਜਲੀ ਨੂੰ ਗੁੰਮਰਾਹਕੁੰਨ ਦਾਅਵੇ ਕਰਨ ਵਾਲੇ ਇਸ਼ਤਿਹਾਰਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ ਸੀ।