ਚੰਡੀਗੜ੍ਹ, 4 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਸਮਰਾਲਾ ਨੇੜਲੇ ਪਿੰਡ ਘੁਲਾਲ ਦੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨੂੰ ਪ੍ਰਵਾਸੀ ਭਾਰਤੀ ਅਤੇ ਦਾਨੀ ਸੱਜਣ ਸ. ਅਵਤਾਰ ਸਿੰਘ ਘੁਲਾਲ (ਕੈਨੇਡਾ) ਪੁੱਤਰ ਪ੍ਰਤਾਪ ਸਿੰਘ ਪਨਫੇਰ ਵੱਲੋਂ ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਦਾਨ ਦਿੱਤਾ ਗਿਆ। ਇਹ ਦਵਾਈਆਂ ਦਾ ਸਮਾਨ ਇਕ ਸਾਦੇ ਸਮਾਗਮ ਦੌਰਾਨ ਡਾ. ਰਵਿੰਦਰ ਸਿੰਘ ਐੱਚ.ਐੱਮ.ਓ. ਨੂੰ ਭੇਟ ਕੀਤਾ ਗਿਆ।
ਇਸ ਮੌਕੇ ਐੱਚ.ਐੱਮ.ਓ. ਡਾ. ਰਵਿੰਦਰ ਸਿੰਘ ਨੇ ਅਵਤਾਰ ਸਿੰਘ ਕੈਨੇਡਾ ਅਤੇ ਪ੍ਰਤਾਪ ਸਿੰਘ ਪਨਫੇਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਦਾ ਇਹ ਕਾਰਜ ਸਭ ਤੋਂ ਉਤਮ ਹੈ। ਉਹਨਾਂ ਦੱਸਿਆ ਕਿ ਹੋਮਿਓਪੈਥਿਕ ਦਵਾਈਆਂ ਨਾਲ ਭਾਵੇਂ ਬਿਮਾਰੀ ਦੇ ਇਲਾਜ ਨੂੰ ਥੋੜ੍ਹਾ ਸਮਾਂ ਲੱਗਦਾ ਹੈ ਪਰ ਇਹ ਦਵਾਈਆਂ ਹਰ ਬੀਮਾਰੀ ਨੂੰ ਜੜ੍ਹ ਤੋਂ ਠੀਕ ਕਰਦੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਸਦਕਾ ਹੀ ਸਰਕਾਰੀ ਡਿਸਪੈਂਸਰੀਆਂ ਵਿੱਚ ਹੋਰ ਵਧੇਰੇ ਸੁਚੱਜੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦਾ ਮੁਫਤ ਅਤੇ ਵਧੀਆ ਇਲਾਜ ਹੋ ਜਾਂਦਾ ਹੈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਘੁਲਾਲ ਦੇ ਸਾਬਕਾ ਪ੍ਰਧਾਨ ਸਤਵਿੰਦਰ ਸਿੰਘ ਸੱਤੀ ਨੇ ਦੱਸਿਆ ਕਿ ਅਵਤਾਰ ਸਿੰਘ ਕੈਨੇਡਾ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਵਾਈਆਂ ਦੀ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਇਹਨਾਂ ਦਵਾਈਆਂ ਨਾਲ ਪਿੰਡ ਵਾਸੀਆਂ ਨੂੰ ਪਿੰਡ ਪੱਧਰ ਉਤੇ ਹੀ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਡਿਸਪੈਂਸਰੀ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪਨਫੇਰ ਪਰਿਵਾਰ ਅਤੇ ਸਾਡੇ ਹੋਰ ਪ੍ਰਵਾਸੀ ਭਰਾ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣਗੇ।
ਇਸ ਮੌਕੇ ਸਰਪੰਚ ਜਸਦੇਵ ਸਿੰਘ, ਡਾ. ਹਰਜੀਤ ਸਿੰਘ, ਅਵਤਾਰ ਸਿੰਘ ਕੈਨੇਡਾ, ਪ੍ਰਤਾਪ ਸਿੰਘ ਪਨਫੇਰ, ਪੰਚ ਗੁਰਚਰਨ ਸਿੰਘ, ਪੰਚ ਗੁਰਸੇਵਕ ਸਿੰਘ, ਪੰਚ ਵਿਕਰਮ ਸਿੰਘ, ਗੁਰਮੀਤ ਸਿੰਘ ਮਾਂਗਟ, ਗੁਰਪ੍ਰੀਤ ਸਿੰਘ ਗੁਰੂ, ਗੁਰਮੁੱਖ ਸਿੰਘ, ਲੰਬੜਦਾਰ ਪ੍ਰਭਦੀਪ ਸਿੰਘ, ਕਵਰਦੀਪ ਸਿੰਘ ਮਾਂਗਟ, ਸਵਰਜੀਤ ਸਿੰਘ, ਜਗਪਾਲ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।