Breaking News

‘ਆਪ’ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਕਰਨ ‘ਤੇ ਮੋਦੀ ਸਰਕਾਰ ਖਿਲਾਫ ਵੱਡਾ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੁਲਿਸ ਵੱਲੋਂ ‘ਆਪ’ ਆਗੂਆਂ ਵਿਰੁੱਧ ਜਲ ਤੋਪਾਂ ਦੀ ਵਰਤੋਂ

ਝੜਪ ਦੌਰਾਨ ਕਈ ਵਰਕਰ ਜ਼ਖਮੀ, ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰੀ

ਚੰਡੀਗੜ੍ਹ, 30 ਅਕਤੂਬਰ, ਪੰਜਾਬੀ ਦੁਨੀਆ ਬਿਊਰੋ : 

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਸਮੱਸਿਆ ਅਤੇ ਪੁਰਾਣੇ ਅਨਾਜ ਦੀ ਧੀਮੀ ਲਿਫਟਿੰਗ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ। 

ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਜਲ ਤੋਪਾਂ ਦੀ ਵਰਖਾ ਕੀਤੀ।  ‘ਆਪ’ ਆਗੂਆਂ ਦੀ ਪੁਲੀਸ ਨਾਲ ਹੱਥੋਪਾਈ ਅਤੇ ਝੜਪਾਂ ਵੀ ਹੋਈਆਂ।  ਝੜਪ ਦੌਰਾਨ ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰ ਗਈ, ਜਿਸ ਕਾਰਨ ਵਿਵਾਦ ਹੋਰ ਵਧ ਗਿਆ।  ਇਸ ਦੇ ਵਿਰੋਧ ਵਿੱਚ ‘ਆਪ’ ਆਗੂਆਂ ਨੇ ਚੰਡੀਗੜ੍ਹ ਪੁਲੀਸ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਵਿੱਚ ‘ਆਪ’ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ., ਤਰੁਣ ਪ੍ਰੀਤ ਸਿੰਘ ਸੌਂਧ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਰਵਜੋਤ ਸਿੰਘ, ਹਰਦੀਪ ਸਿੰਘ ਮੁੰਡੀਆ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਰਣਬੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਨਰਿੰਦਰ ਕੌਰ ਭਾਰਜ, ਦਿਨੇਸ਼ ਚੱਢਾ, ਚਰਨਜੀਤ ਸਿੰਘ ਚੰਨੀ, ਇੰਦਰਬੀਰ ਸਿੰਘ ਨਿੱਝਰ, ਬਲਕਾਰ ਸਿੰਘ, ਰੁਪਿੰਦਰ ਸਿੰਘ ਹੈਪੀ, ਜਮੀਲ-ਉਰ-ਰਹਿਮਾਨ, ਸੰਤੋਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ‘ਆਪ’ ਆਗੂ ਪਵਨ ਟੀਨੂੰ, ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਪ੍ਰਭਜੋਤ ਕੌਰ ਅਤੇ ਹੋਰ ਅਹੁਦੇਦਾਰਾਂ ਸਮੇਤ ਸੈਂਕੜੇ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।

ਧਰਨੇ ਦੌਰਾਨ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹਰ ਸਾਲ ਅਕਤੂਬਰ ਮਹੀਨੇ ਝੋਨਾ ਮੰਡੀਆਂ ਵਿੱਚ ਆ ਜਾਂਦਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਲਿਫਟਿੰਗ ਨਹੀਂ ਕਰਵਾਈ। ਹੁਣ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਕਿਸਾਨ, ਆੜ੍ਹਤੀਆਂ, ਸ਼ੈਲਰ ਮਾਲਕ ਅਤੇ ਮਜ਼ਦੂਰ ਸਭ ਪ੍ਰੇਸ਼ਾਨ ਹੋ ਰਹੇ ਹਨ ਪਰ ਕੇਂਦਰ ਸਰਕਾਰ ਨਹੀਂ ਸੁਣ ਰਹੀ ਹੈ।

ਈਟੀਓ ਨੇ ਕਿਹਾ ਕਿ ਭਾਜਪਾ ਵਾਲੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।  ਜਦੋਂ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕੇਂਦਰ ਸਰਕਾਰ ਅਤੇ ਉਸ ਦੀ ਸੰਸਥਾ ਐਫ.ਸੀ.ਆਈ. ਹੈ। ਪੰਜਾਬ ਸਰਕਾਰ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਐਫ.ਸੀ.ਆਈ. ਨੂੰ ਪੱਤਰ ਲਿਖ ਰਹੀ ਸੀ, ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਂਦਰੀ ਮੰਤਰੀਆਂ ਨੂੰ ਮਿਲੇ ਪਰ ਕੋਈ ਹੱਲ ਨਹੀਂ ਨਿਕਲਿਆ। 

‘ਆਪ’ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਮੰਤਰੀ ਜਾਂ ਵਿਧਾਇਕ ਵਜੋਂ ਨਹੀਂ ਆਇਆ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਆਇਆ ਹਾਂ।  ਅੱਜ ਮੈਂ ਪੰਜਾਬ ਦੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਆਇਆ ਹਾਂ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਲੂਕ ਇੰਦਰਾ ਗਾਂਧੀ ਨੇ 40 ਸਾਲ ਪਹਿਲਾਂ ਪੰਜਾਬ ਨਾਲ ਕੀਤਾ ਸੀ, ਅੱਜ ਉਹੀ ਵਤੀਰਾ ਨਰਿੰਦਰ ਮੋਦੀ ਅਤੇ ਭਾਜਪਾ ਪੰਜਾਬ ਨਾਲ ਕਰ ਰਹੇ ਹਨ, ਉਨ੍ਹਾਂ ਕਿਹਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਉਹ ਹੋਰ ਵੀ ਜਿਆਦਾ ਪ੍ਰੇਸ਼ਾਨ ਕਰ ਰਹੇ ਹਨ। ਪਿਛਲੀ ਵਾਰ ਸੀਸੀਐਲ ਲਿਮਟ ਜਾਰੀ ਕਰਨ ਵਿੱਚ ਦੇਰੀ ਹੋਈ ਸੀ, ਪਰ ਇਸ ਵਾਰ ਜਾਣਬੁੱਝ ਕੇ ਨਹੀਂ ਚੁੱਕਿਆ ਗਿਆ।  ਅਜੇ ਵੀ ਬਹੁਤ ਧੀਮੀ ਲਿਫਟਿੰਗ ਚੱਲ ਰਹੀ ਹੈ।

ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਇਹ ਭਾਜਪਾ ਦਾ ਸ਼ਰੇਆਮ ਧੱਕਾ ਹੈ। ਅਸੀਂ ਨਿਹੱਥੇ ਲੋਕ ਹਾਂ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ।  ਇਹ ਸਾਡਾ ਜਮਹੂਰੀ ਹੱਕ ਹੈ। ਫਿਰ ਪੁਲਿਸ ਕਿਸ ਦੇ ਕਹਿਣ ‘ਤੇ ਸਾਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਰਹੀ ਹੈ?

Leave a Reply

Your email address will not be published. Required fields are marked *