
ਸੀਟੂ ਨੇ ਰਾਹੁਲ ਗਾਂਧੀ ਵਿਰੁੱਧ ਹਿੰਸਾ, ਉਕਸਾਉਣ ਦੇ ਐਲਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
ਮੋਹਾਲੀ, 19 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਅੱਜ ਇੱਥੇ ਸੀਟੂ ਆਗੂਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੋੜੀ, ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਭਾਜਪਾ ਤੇ ਸ਼ਿਵ ਸੈਨਾ ( ਸ਼ਿੰਦੇ) ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਵਿਰੁੱਧ ਬਹੁਤ ਹੀ ਨਿੰਦਣਯੋਗ, ਜ਼ਹਿਰੀਲੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾ ਰਹੇ ਬਿਆਨਾਂ ਅਤੇ ਮੋਦੀ ਸਰਕਾਰ ਦੀ ਇਸ ਮਾਮਲੇ ਵਿੱਚ ਧਾਰੀ ਗਈ ਸਾਜ਼ਿਸ਼ੀ ਚੁੱਪ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਇਨ੍ਹਾਂ ਭੜਕਾਊ ਬਿਆਨ ਦੇਣ ਵਾਲੇ ਅਤੇ ਐਲਾਨ ਕਰਨ ਵਾਲੇ ਤੱਤਾਂ ਵਿਰੁੱਧ ਫੌਰੀ ਤੇ ਸਖ਼ਤ ਫੌਜਦਾਰੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸੀਟੂ ਆਗੂਆਂ ਨੇ ਭਾਜਪਾ ਵਿਰੋਧੀ ਸਾਰੀਆਂ ਪਾਰਟੀਆਂ ਜਨਤਕ ਜੱਥੇਬੰਦੀਆਂ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਅਪਣੇ ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਜਮਹੂਰੀ -ਕਦਰਾਂ ਕੀਮਤਾਂ ਦੀ ਪ੍ਰਵਾਹ ਨਾ ਕਰਨ ਵਾਲੇ ਭਾਜਪਾ ਦੇ ਆਗੂਆਂ ਦੇ ਇਸ ਅਨੈਤਿਕਤਾ ਅਤੇ ਹਿੰਸਾ ਭੜਕਾਉਣ ਵਾਲੇ ਐਲਾਨਾਂ ਵਿਰੁੱਧ ਅਪਣੀ ਅਵਾਜ਼ ਬੁਲੰਦ ਕਰਨ।
ਸੀਟੂ ਨੇ 23 ਸਤੰਬਰ ਨੂੰ ਪੂਰੇ ਪੰਜਾਬ ਵਿੱਚ 4 ਲੇਬਰ ਕੋਡਜ ਵਿਰੁੱਧ ਕਾਲਾ ਦਿਵਸ ਮਨਾਏ ਜਾਣ ਲਈ ਸਾਰੀਆਂ ਕੇਂਦਰੀ, ਸੂਬਾ ਪੱਧਰੀ ਯੂਨੀਅਨਾਂ, ਮੁਲਾਜ਼ਮ ਜੱਥੇਬੰਦੀਆਂ, ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ 23 ਸਤੰਬਰ ਦੇ ਐਕਸ਼ਨ ਵਿਚ ਭਾਗ ਲੈਣ ਦੀ ਅਪੀਲ ਕੀਤੀ।