
ਚੰਡੀਗੜ੍ਹ, 24 ਅਗਸਤ, ਪੰਜਾਬੀ ਦੁਨੀਆ ਬਿਊਰੋ :
ਮੁਲਾਜ਼ਮ ਸਫਾਂ ਵਿੱਚ ਉਸ ਸਮੇਂ ਅਫਸੋਸ ਦੀ ਲਹਿਰ ਦੌੜ ਗਈ ਜਦੋਂ ਮੁਲਾਜ਼ਮ ਆਗੂ ਸਾਥੀ ਵੇਦ ਪ੍ਰਕਾਸ਼ ਸ਼ਰਮਾ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਇਸ ਦੁਨੀਆ ‘ਚ ਨਹੀਂ ਰਹੇ। ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਮਸੀਹਾ ਵਜੋਂ ਜਾਣੇ ਜਾਂਦੇ ਸਨ।
ਉਹਨਾਂ ਨੇ 1980 ਵਿੱਚ ਮੁਲਾਜ਼ਮ ਜਥੇਬੰਦੀ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦਾ ਗਠਨ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਨੂੰ ਇਕ ਝੰਡੇ ਹੇਠ ਇਕੱਤਰ ਕਰਕੇ, ਹਰ ਨਹਿਰ, ਡਰੇਨ, ਸੜਕ, ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਨੂੰ ਜਥੇਬੰਦੀ ਨਾਲ ਜੋੜਿਆ। ਵਿਸ਼ਾਲ ਗਿਣਤੀ ‘ਚ ਵੱਡਾ ਏਕਾ ਉਸਾਰਿਆ ਅਤੇ ਇਸ ਜਥੇਬੰਦੀ ਨੇ ਵੱਡੀ ਗਿਣਤੀ ਆਗੂ ਤਿਆਰ ਕਰਕੇ ਮੁਲਾਜਮ ਲਹਿਰ ਨੂੰ ਦਿੱਤੇ।
ਉਹ 2009 ਤੱਕ 29 ਸਾਲ ਪੀ ਡਬਲਯੂ ਡੀ ਫੀਲਡ ਤੇ ਵਰਕਸਾਪ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਰਹੇ ਅਤੇ ਲੰਮਾ ਸਮਾਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22 ਬੀ ਚੰਡੀਗੜ੍ਹ ਦੇ ਜਨਰਲ ਸਕਤਰ, ਮੁਲਾਜਮ ਲਹਿਰ ਦੇ ਸੰਪਾਦਕ, ਆਲ ਇੰਡੀਆ ਮੁਲਾਜ਼ਮ ਫੈਡਰੇਸ਼ਨ ਦੇ ਉਪ ਚੇਅਰਮੇਨ ਅਤੇ ਹੁਣ ਆਲ ਇੰਡੀਆ ਪੈਨਸ਼ਨਰ ਫਰੰਟ ਦੇ ਵਾਇਸ ਚੇਅਰਮੈਨ ਸਨ। ਉਨ੍ਹਾਂ ਦੀ ਸਾਰੀ ਜਿੰਦਗੀ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਦੇ ਲੰਘੀ।
ਮੁਲਾਜ਼ਮ ਆਗੂਆਂ ਪਸਸਫ ਦੇ ਪ੍ਰਧਾਨ ਸਾਥੀ ਸਤੀਸ਼ ਰਾਣਾ, ਤੀਰਥ ਬਾਸੀ, ਕਰਮਜੀਤ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਸੁਖਮੰਦਰ ਚਾਹਲ, ਦਰਸ਼ਨ ਬੇਲੂਮਾਜਰਾ, ਮਨਜੀਤ ਸੈਣੀ, ਗੁਰਦੀਪ ਬਾਜਵਾ, ਇੰਦਰਜੀਤ ਵਿਰਦੀ, ਅਨਿਲ ਕੁਮਾਰ, ਗੁਰਵਿੰਦਰ ਚੰਡੀਗੜ੍ਹ, ਜਸਵੀਰ ਖੋਖਰ, ਲਖਵਿੰਦਰ ਖਾਨਪੁਰ, ਹਰਪ੍ਰੀਤ ਗਰੇਵਾਲ, ਰਣਬੀਰ ਟੂਸੇ, ਕਿਸ਼ੋਰ ਚੰਦ ਗਾਜ, ਬਲਰਾਜ ਮੌੜ, ਮਨੋਹਰ ਲਾਲ ਸ਼ਰਮਾ ਨੇ ਸਾਥੀ ਵੇਦ ਪ੍ਰਕਾਸ਼ ਦੇ ਚਲੇ ਜਾਣ ਨੂੰ ਮੁਲਾਜ਼ਮ ਵਰਗ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ।
ਵੇਦ ਪ੍ਰਕਾਸ਼ ਦਾ ਅੰਤਿਮ ਸੰਸਕਾਰ ਭਲਕੇ 25 ਅਗਸਤ ਨੂੰ ਉਹਨਾਂ ਦੇ ਜੱਦੀ ਪਿੰਡ ਸਸਕੌਰ ਨੇੜੇ ਨੂਰਪੁਰ ਬੇਦੀ ਵਿਖੇ ਕੀਤਾ ਜਾਵੇਗਾ। ਅਪਣੇ ਆਗੂ ਨੂੰ ਸਿਜਦਾ ਕਰਨ ਲਈ ਲੋਕ ਵੱਡੀ ਗਿਣਤੀ ‘ਚ ਸਸਕੌਰ ਪੁੱਜਣਗੇ।