
ਚੰਡੀਗੜ੍ਹ, 15 ਜੂਨ, ਪੰਜਾਬੀ ਦੁਨੀਆ ਬਿਊਰੋ: ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਦੇ ਪ੍ਰਧਾਨ ਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੌਰਾਨ ‘ਇੰਡੀਆ ਗੱਠਜੋੜ’ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ‘ਤੇ ਵਧਾਈ ਦਿੱਤੀ ਹੈ। ਇਸ ਦੌਰਾਨ ਸ੍ਰੀ ਬਡਹੇੜੀ ਨੇ ਸ੍ਰੀ ਮਨੀਸ਼ ਤਿਵਾੜੀ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਚਰਚਾ ਕੀਤੀ।
ਸ੍ਰੀ ਤਿਵਾੜੀ ਨੇ ਲੋਕ ਸਭਾ ਚੋਣਾਂ ਵਿੱਚ ਰਾਜਿੰਦਰ ਸਿੰਘ ਬਡਹੇੜੀ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ (ਪ੍ਰਧਾਨ, ਆਪ ਯੂਥ ਵਿੰਗ ਜ਼ਿਲ੍ਹਾ ਮੋਹਾਲੀ) ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਕੀਤੀ ਮਿਹਨਤ ਅਤੇ ਦਿੱਤੇ ਭਰਪੂਰ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਬਡਹੇੜੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਦੇ ਪਿੰਡਾਂ ਤੇ ਸਿੱਖ ਭਾਈਚਾਰੇ ਵਿੱਚ ਕੀਤੇ ਕੰਮਾਂ ਕਰਕੇ ਹੀ ਇਹ ਜਿੱਤ ਸੰਭਵ ਹੋ ਸਕੀ ਹੈ।
ਇਸ ਦੌਰਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਇਸ ਵਾਰ ਪਿੰਡ ਵਾਸੀਆਂ ਅਤੇ ਕਿਸਾਨਾਂ ਵਿਚ ਭਾਜਪਾ ਪ੍ਰਤੀ ਗੁੱਸਾ ਸੀ ਅਤੇ ਉਹ ਭਾਜਪਾ ਨੂੰ ਹਰ ਹਾਲ ਵਿੱਚ ਹਰਾਉਣਾ ਚਾਹੁੰਦੇ ਸਨ। ਇਸ ਕਰਕੇ ਸਿੱਖ ਭਾਈਚਾਰੇ ਨੇ ਵੀ ਇੱਕ ਚੰਗਾ ਅਤੇ ਧਰਮ ਨਿਰਪੱਖ ਉਮੀਦਵਾਰ ਚਿਹਰਾ ਹੋਣ ਕਰਕੇ ਮਨੀਸ਼ ਤਿਵਾੜੀ ਨੂੰ ਸਮਰਥਨ ਦਿੱਤਾ। ਇਸ ਲਈ ਉਹ ਸਮੂਹ ਇਲਾਕਾ ਨਿਵਾਸੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਨ।