ਵੋਟ ਦੀ ਚੋਟ ਨਾਲ ਦੋਹਾਂ ਸਰਕਾਰਾਂ ਨੂੰ ਸਿਖਾਇਆ ਜਾਵੇਗਾ ਸਬਕ
ਚੰਡੀਗੜ੍ਹ, 28 ਮਈ, ਪੰਜਾਬੀ ਦੁਨੀਆ ਬਿਊਰੋ:
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ਼ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸ਼ਹਿਰ ਦੇ ਲੋਕਾਂ, ਦੁਕਾਨਦਾਰਾਂ ਅਤੇ ਪਿੰਡਾਂ ਤੋਂ ਖਰੀਦਦਾਰੀ ਕਰਨ ਆਏ ਵਿਅਕਤੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰ, ਮਜ਼ਦੂਰ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਮੋਦੀ ਸਰਕਾਰ ਨੂੰ ਹਰਾਉਣ ਅਤੇ ਭਗਵੰਤ ਮਾਨ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਹੋਕਾ ਦੇਣ ਲਈ ਸ਼ਹਿਰ ਅੰਦਰ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ।
ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇਕੱਤਰ ਹੋਣ ਸਮੇਂ ਸਟੇਜ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਇਸ ਰੋਸ ਮਾਰਚ ਰਾਹੀਂ ਲੋਕਾਂ ਨੂੰ “ਵੋਟ ਦੀ ਚੋਟ” ਦਾ ਇਸਤੇਮਾਲ ਕਰਦਿਆਂ ਦੋਹਾਂ ਸਰਕਾਰਾਂ ਦੇ ਨੁਮਾਂਇੰਦਿਆਂ ਨੂੰ ਹਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦੇਸ਼ ਅੰਦਰ ਸਹੂਲਤਾਂ ਪ੍ਰਦਾਨ ਕਰਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਮੋਦੀ ਵਲੋਂ ਲੋਕ ਮਸਲਿਆਂ ਅਤੇ ਦੇਸ਼ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕਰਨ ਦੀ ਥਾਂ ਆਪਣੇ ਭਾਸ਼ਣਾਂ ਅੰਦਰ ਫਿਰਕੂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀ ਕੌਮਾਂ ਤੇ ਭਾਸ਼ਣੀ ਹਮਲੇ ਕੀਤੇ ਜਾ ਰਹੇ ਹਨ। ਇਸ ਮੌਕੇ ਦੇਸ਼ ਨੂੰ ਮੋਦੀ ਤੋਂ ਬਚਾਉਣਾ ਬਹੁਤ ਜਰੂਰੀ ਹੈ ਤਾਂ ਜੋ ਦੇਸ਼ ਅੰਦਰ ਸਦਭਾਵਨਾ ਅਤੇ ਸੰਵਿਧਾਨ ਨੂੰ ਬਚਾਇਆ ਜਾ ਸਕ। ਉਹਨਾਂ ਦੋਹਾਂ ਸਰਕਾਰਾਂ ਨੂੰ ਹਰਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂਆਂ ਮੱਖਣ ਸਿੰਘ ਲੰਗੇਰੀ, ਸ਼ਾਮ ਸੁੰਦਰ ਕਪੂਰ, ਮਨਜੀਤ ਸਿੰਘ ਬਾਜਵਾ, ਸੰਜੀਵ ਧੂਤ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਹੀਰ, ਵਿਕਾਸ ਸ਼ਰਮਾ, ਪ੍ਰੇਮ ਚੰਦ, ਮਨੋਹਰ ਸਿੰਘ ਸੈਣੀ, ਪ੍ਰਿੰਸ ਗੜਦੀਵਾਲਾ, ਹਰਨਿੰਦਰ ਕੌਰ, ਜਗਦੀਸ਼ ਪੱਖੋਵਾਲ, ਗੁਰਬਚਨ ਸਿੰਘ, ਬਲਵਿੰਦਰ ਕੌਰ, ਪ੍ਰਿਤਪਾਲ ਸਿੰਘ, ਅਮਰਜੀਤ ਕੁਮਾਰ, ਪੈਨਸ਼ਨਰ ਆਗੂ ਪ੍ਰਿੰਸੀਪਲ ਪਿਆਰਾ ਸਿੰਘ, ਸੱਤਪਾਲ ਲੱਠ, ਬਲਵਿੰਦਰ ਸਿੰਘ ਗਿੱਲ, ਮਦਨ ਲਾਲ ਸੈਣੀ, ਪਰਦੁਮਣ ਸਿੰਘ ਖਰਾਲ, ਗੁਚਰਨ ਸਿੰਘ, ਕਮਲਜੀਤ ਸਿੰਘ, ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਅੰਦਰ ਫੈਲਾਈ ਜਾ ਰਹੀ ਫਿਰਕੂ ਹਨੇਰੀ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਅਦਾਰਿਆਂ ਨੂੰ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਵੇਚਣ, ਬੇਰੁਜ਼ਗਾਰੀ ਵਿੱਚ ਵਾਧਾ ਕਰਨ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਦੀਆਂ ਸਹੂਲਤਾਂ ਨੂੰ ਖੌਰਾ ਲਗਾਉਣ, ਪੱਕੀਆਂ ਨੌਕਰੀਆਂ ਦੇਣ ਦਾ ਝੂਠਾ ਪ੍ਰਚਾਰ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੇ ਵਿਰੋਧ ਵਿੱਚ ਇਹ ਰੋਸ ਮਾਰਚ ਕੀਤਾ ਗਿਆ ਹੈ।
ਇਹ ਰੋਸ ਮਾਰਚ ਸ਼ਹੀਦ ਊਧਮ ਸਿੰਘ ਪਾਰਕ ਤੋਂ ਆਰੰਭ ਹੋ ਕੇ ਪੀਰ ਮੱਦੀ ਸ਼ਾਹ ਬਜ਼ਾਰ, ਸਬਜ਼ੀ ਮੰਡੀ, ਘੰਟਾ ਘਰ, ਲੇਬਰ ਸ਼ੈਡ, ਦਰਜ਼ੀਆਂ ਵਾਲੀ ਗਲੀ, ਫਗਵਾੜਾ ਚੌਂਕ, ਸਬ ਸਟੈੰਡ ਤੋਂ ਹੁੰਦਾ ਹੋਇਆ ਮੁੜ ਪਾਰਕ ਵਿਖੇ ਸਮਾਪਤ ਹੋਇਆ।
ਮਾਰਚ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਵਲੋਂ ਹਾਜਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਹਰਾਉਣ ਅਤੇ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।