ਜਥੇਬੰਦੀ ਵਲੋਂ ਪੰਜਾਬ ਦੇ ਪੈਨਸ਼ਨਰਾਂ ਨੂੰ 1 ਜੂਨ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਰਕਾਰੀ ਧੱਕੇ ਦਾ ਜਵਾਬ ਦੇਣ ਦੀ ਅਪੀਲ
ਚੰਡੀਗੜ੍ਹ, 28 ਮਈ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਇਸ ਦੌਰਾਨ ਰਾਜਸੀ ਪਾਰਟੀਆਂ ਦੇ ਉਚ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਦੇ ਨਾਲ-ਨਾਲ ਵੱਡੇ ਵੱਡੇ ਵਾਅਦੇ ਵੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਸੇ ਦੌਰਾਨ ਪੰਜਾਬ ਸਿਵਿਲ ਸਕੱਤਰੇਤ ਆਫਿਸ ਰਿਟਾਇਰਡ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਮੌਕੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਹੀ ਕੀਤਾ ਜਾ ਰਿਹਾ ਹੈ। ਜਿਸ ਕਾਰਨ ਐਸੋਸੀਏਸ਼ਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਸਮੇਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਮੇਂ ਸਮੇਂ ‘ਤੇ ਰੋਸ ਰੈਲੀਆਂ ਕਰਕੇ ਸਰਕਾਰ ਤੋਂ ਪੈਨਸ਼ਨਰਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਪੇ-ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ ਇਹਨਾਂ ਮੰਗਾਂ ਸੰਬੰਧੀ ਜੱਥੇਬੰਦੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਨਾ ਹੀ ਡੀ.ਏ. ਦਾ ਬਕਾਇਆ ਦੇਣ ਦਾ ਕੋਈ ਭਰੋਸਾ ਦਿੱਤਾ ਗਿਆ। ਕਿ ਜੱਥੇਬੰਦੀ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਵੀ ਕਈ ਵਾਰੀ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਡਿਬੇਟ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਿਲ ਸਨ।
ਉਹਨਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਚੋਣਾਂ ਦੌਰਾਨ ਵੀ ਸਰਕਾਰ ਵੱਲੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰਜ਼ ਇਸ ਵੇਲੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੋਂ 12% ਡੀ.ਏ ਘੱਟ ਲੈ ਰਹੇ ਹਨ। ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਇਸ ਵੇਲੇ 38% ਡੀ.ਏ ਪ੍ਰਾਪਤ ਕਰ ਰਹੇ ਹਨ ਜਦੋਂ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਜ਼ ਦਾ ਡੀ.ਏ ਮਿਤੀ 01.01.2023 ਤੋਂ 38% ਤੋਂ ਵਧਾ ਕੇ 42%, 01.07.2023 ਤੋਂ 42% ਤੋਂ ਵਧਾ ਕੇ 46% ਅਤੇ 01.01.2024 ਤੋਂ 46% ਤੋਂ ਵਧਾ ਕੇ 50% ਕਰ ਦਿੱਤਾ ਹੈ। ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਵੀ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਡੀ.ਏ. ਅਤੇ ਪੇ-ਕਮਿਸ਼ਨ ਦਾ ਬਕਾਇਆ ਦਿੱਤਾ ਜਾ ਚੁੱਕਾ ਹੈ। ਚੋਣਾਂ ਦੌਰਾਨ ਹਾਕਮ ਪਾਰਟੀ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਸੰਬੰਧੀ ਚੁੱਪੀ ਧਾਰੀ ਹੋਈ ਹੈ ਅਤੇ ਇਹਨਾਂ ਹਾਲਾਤ ਵਿੱਚ ਪੰਜਾਬ ਸਰਕਾਰ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ।
ਸ਼ਰਮਾ ਨੇ ਪੰਜਾਬ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਵਿੱਚ 1 ਜੂਨ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਧੱਕੇ ਦਾ ਜਵਾਬ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦਿੱਤਾ ਜਾਵੇ।
ਇਸ ਮੌਕੇ ਮਨੋਹਰ ਸਿੰਘ ਮੱਕੜ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਵਾਲੀਆ ਜਨਰਲ ਸੱਕਤਰ, ਉਮਾ ਕਾਂਤ ਤਿਵਾੜੀ ਸਕੱਤਰ, ਸੁਖਦੇਵ ਸਿੰਘ ਵਿੱਤ ਸਕੱਤਰ, ਕਰਨੈਲ ਸਿੰਘ ਸੈਣੀ, ਧੰਨਾ ਸਿੰਘ, ਅਰਜਨ ਦੇਵ ਪਾਠਕ, ਬੀ.ਐਸ. ਸੋਢੀ, ਸੁਰਜੀਤ ਸਿੰਘ ਸ਼ੀਤਲ, ਚੰਦਰ ਸੁਰੇਖਾ ਅਤੇ ਆਸ਼ਾ ਸੂਦ ਆਦਿ ਹਾਜ਼ਰ ਸਨ।