
ਲੋਕਤੰਤਰ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਨੂੰ ਜਿਤਾਓ : ਮੁਨੀਸ਼ ਤਿਵਾੜੀ
ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਖੁਲੇ ਮੰਚ ‘ਤੇ ਬਹਿਸ ਦਾ ਦਿੱਤਾ ਸੱਦਾ
ਚੰਡੀਗੜ੍ਹ, 10 ਮਈ, ਪੰਜਾਬੀ ਦੁਨੀਆ ਬਿਊਰੋ : ਲੋਕ ਸਭਾ ਚੋਣਾਂ 2024 ਲਈ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਇਕ ਭਰਵੀਂ ਚੋਣਾਵੀ ਮੀਟਿੰਗ ਅੱਜ ਸੈਕਟਰ-35 ਸਥਿਤ ਹੋਟਲ ਮੈਟਰੋ-35 ਵਿਖੇ ਹੋਈ। ਇਸ ਮੀਟਿੰਗ ਦਾ ਆਯੋਜਨ ਖ਼ਾਸ ਕਰਕੇ ਫੌਸਵੈਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਵਲੋਂ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਕਰੀਬ 101 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਐਸੋਸੀਏਸ਼ਨਾਂ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਜ਼ਰੂਰਤ ਮੁਤਾਬਕ ਬਦਲਾਅ ਕਰਨ, ਨਗਰ ਕੌਂਸਲ ਵਲੋਂ ਜਾਰੀ ਕੀਤੇ ਜਾਂਦੇ ਨੋਟਿਸਾਂ ਤੇ ਵੱਡੇ ਵੱਡੇ ਜੁਰਮਾਨਿਆਂ ਸਬੰਧੀ ਲਟਕਦੇ ਸਾਂਝੇ ਮੁੱਦਿਆਂ ਅਤੇ ਸ਼ਹਿਰ ਨੂੰ ਗਰੀਨ ਸਿਟੀ ਬਣਾਉਣ ਦੇ ਝੂਠੇ ਦਾਅਵਿਆਂ ਦਾ ਮੁੱਦਾ ਉਠਾਇਆ ਗਿਆ।
ਇਸ ਦੌਰਾਨ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਬੋਲਦਿਆਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਜੇਕਰ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਲਾਂਭੇ ਕਰਦਿਆਂ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੇ ਫਰਕ ਨਾਲ ਜਿਤਾਓ, ਤਾਂ ਜੋ ਦੇਸ਼ ਵਿਚ ਡਿਕਟੇਟਰਸ਼ਿਪ ਰਾਜ ਤੋਂ ਲੋਕਾਂ ਨੂੰ ਮੁਕਤੀ ਮਿਲ ਸਕੇ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋ ਭਾਜਪਾ ਵਲੋਂ ਅਪਣਾਈਆਂ ਲੋਕ ਵਿਰੋਧੀ ਨੀਤੀਆਂ ਸਦਕਾ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਹੋ ਚੁੱਕਿਆ ਹੈ। ਭਾਜਪਾ ਨੇ ਸ਼ਹਿਰ ਵਾਸੀਆਂ ਨੂੰ ਸਿਰਫ਼ ਬੇਲੋੜੇ ਟੈਕਸਾਂ ਤੋਂ ਵੱਧ ਕੁੱਝ ਨਹੀਂ ਦਿੱਤਾ। ਉਹਨਾਂ ਕਿਹਾ ਕਿ ਮੈਂ ਭਾਜਪਾ ਉਮੀਦਵਾਰ ਸ੍ਰੀ ਸੰਜੇ ਟੰਡਨ ਨੂੰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਉਤੇ ਖੁੱਲੇ ਮੰਚ ‘ਤੇ ਬਹਿਸ ਕਰਨ ਦਾ ਸੱਦਾ ਦਿੰਦਾ ਹਾਂ। ਨਾਲ ਹੀ ਉਹਨਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹਨਾਂ ਦਾ ਸਭ ਤੋਂ ਪਹਿਲਾਂ ਕੰਮ ਹਾਊਸਿੰਗ ਬੋਰਡ ਫਲੈਟਾਂ ਵਿਚ ਜ਼ਰੂਰੀ ਬਦਲਾਅ ਦੇ ਮਸਲੇ ਅਤੇ ਸ਼ੇਅਰ ਵਾਇਜ਼ ਪ੍ਰਾਪਰਟੀ ਦੇ ਮਸਲੇ ਨੂੰ ਹੱਲ ਕਰਨ ਦੀ ਹੋਵੇਗੀ।
ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਕਿਹਾ ਕਿ ਪਹਿਲੇ-ਦੂਜੇ ਗੇੜ ਦੀਆਂ ਚੋਣਾਂ ਤੋਂ ਭਾਜਪਾ ਦੀ ਸਥਿਤੀ ਡਾਵਾਂਡੋਲ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪਣੇ ਧਨਾਢ ਚਹੇਤਿਆਂ ਅਤੇ ਕਾਂਗਰਸ ਉਪਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਉਹਨਾਂ ਕਿਸੇ ਬੀਤੇ 10 ਸਾਲਾਂ ਵਿਚ ਭਾਜਪਾ ਐਮ.ਪੀ. ਦੇ ਚੰਡੀਗੜ੍ਹ ਸ਼ਹਿਰ ਦਾ ਹਾਲ ਨਹੀਂ ਪੁੱਛਿਆ। ਇਸ ਕਰਕੇ ਦੇਸ਼ ਨੂੰ ਮੁੜ ਨਿਘਾਰ ਵੱਲ ਜਾਣ ਤੋਂ ਰੋਕਣ ਲਈ ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਵੋਟਾਂ ਪਾ ਕੇ ਜੇਤੂ ਬਣਾਓ।

ਇਸ ਦੌਰਾਨ ਫੌਸਵੈਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਮਨੀਸ਼ ਤਿਵਾੜੀ ਜੀ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਡੇ ਸੱਦੇ ਉਤੇ ਸ਼ਹਿਰ ਦੀਆਂ ਸਮੂਹ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦਾ ਇਸ ਮੀਟਿੰਗ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਇਹ ਦਰਸਾਉਂਦਾ ਹੈ ਕਿ ਇਸ ਵਾਰ ਸ਼ਹਿਰ ਵਾਸੀ ਇੰਡੀਆ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਚੁੱਕੇ ਹਨ। ਉਹਨਾਂ ਸਮੂਹ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਅਸੀਂ ਸ੍ਰੀ ਤਿਵਾੜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਲੀਮੈਂਟ ਵਿਚ ਭੇਜਣਾ ਹੈ, ਜਿਸ ਦਾ ਸਭ ਤੇ ਤਾੜੀਆਂ ਨਾਲ ਸਮਰਥਨ ਕੀਤਾ।
ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ ‘ਕਾਂਗਰਸ ਜ਼ਿੰਦਾਬਾਦ, ਇੰਡੀਆ ਗੱਠਜੋੜ ਜ਼ਿੰਦਾਬਾਦ’ ਅਤੇ ‘ਮਨੀਸ਼ ਤਿਵਾੜੀ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰਿਆਂ ਨਾਲ ਹਾਲ ਗੂੰਜ ਉਠਿਆ।
