
ਚੰਡੀਗੜ੍ਹ/ਮੋਹਾਲੀ, 4 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਬ੍ਰਿਟਿਸ਼ ਲੌਰੀਏਟ ਸਕੂਲ ਨੇ ਆਪਣੇ ਖੇਡ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਕੈਂਪਸ ਵਿੱਚ ਅਤਿ-ਆਧੁਨਿਕ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਹੈ। ਇਸ ਨਵੀਂ ਸਹੂਲਤ ਨਾਲ ਵਿਦਿਆਰਥੀਆਂ ਨੂੰ ਨਿਪੁੰਨਤਾ-ਆਧਾਰਿਤ ਖੇਡਾਂ ਵਿੱਚ ਹੱਥ ਅਜ਼ਮਾਉਣ ਅਤੇ ਆਪਣੇ ਹੁਨਰਾਂ ਨੂੰ ਨਿਖਾਰਨ ਦਾ ਵਧੀਆ ਮੌਕਾ ਮਿਲੇਗਾ।
ਸਕੂਲ ਵੱਲੋਂ ਕੀਤੀ ਗਈ ਇਹ ਪਹਿਲ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀ ਸ਼ੂਟਿੰਗ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅੱਗੇ ਵੱਧਣ ਲਈ ਤਿਆਰ ਕਰੇਗੀ।ਇਹ ਸਹੂਲਤ ਮਾਹਿਰ ਕੋਚ ਅਰਸ਼ਦੀਪ ਬੰਗਾ ਦੀ ਦੇਖ-ਰੇਖ ਹੇਠ ਚਲਾਈ ਜਾਵੇਗੀ, ਜੋ ਕਿ ਫਿਨਲੈਂਡ ਵਿੱਚ ਸਿਖਲਾਈ ਪ੍ਰਾਪਤ ਆਈਐਸਐਸਐਫ-ਪ੍ਰਮਾਣਿਤ ਕੋਚ ਹਨ ਅਤੇ ਤਿੰਨ ਸਾਲਾਂ ਤੱਕ ਭਾਰਤੀ ਸ਼ੂਟਿੰਗ ਟੀਮ ਦੇ ਕੋਰ ਮੈਂਬਰ ਰਹੇ ਹਨ।
ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕੈਂਪਸ ਦਾ ਦੌਰਾ ਕਰਕੇ ਨਵੀਂ ਸਹੂਲਤ ਦਾ ਜਾਇਜ਼ਾ ਲਿਆ ਅਤੇ ਇਸ ਵਿਲੱਖਣ ਉਪਰਾਲੇ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਉਨ੍ਹਾਂ ਨੂੰ ਨਵੀਆਂ ਦਿਸ਼ਾਵਾਂ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ।
ਇਸ ਮੌਕੇ ਸਕੂਲ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. (ਕਰਨਲ) ਅਤੁਲ ਭੰਡਾਰੀ ਨੇ ਕਿਹਾ ਕਿ ਇਹ ਸ਼ੂਟਿੰਗ ਰੇਂਜ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਨਵੀਂਆਂ ਸਿਖਲਾਈ ਦੇ ਮੌਕਿਆਂ ਨਾਲ ਜੋੜਨ ਅਤੇ ਉਨ੍ਹਾਂ ਦੀ ਲੁਕਵੀ ਪ੍ਰਤਿਭਾ ਨੂੰ ਉਭਾਰਨ ਲਈ ਵਚਨਬੱਧ ਹੈ।
ਸਕੂਲ ਪ੍ਰਬੰਧਨ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਰੇਂਜ ‘ਤੇ ਇੰਟਰ-ਸਕੂਲ ਮੁਕਾਬਲੇ ਅਤੇ ਪ੍ਰਸ਼ਿਕਸ਼ਣ ਕੈਂਪ ਵੀ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਵਧੇਰੇ ਅਨੁਭਵ ਮਿਲੇਗਾ।