Breaking News
Dashmesh GS Electricals Verka Smart Media Insurance Point Tav Prasad

ਭਾਰਤੀ ਟੀਮ ਮੁੜ ਬਣੀ T-20 ਵਿਸ਼ਵ ਚੈਂਪੀਅਨ, ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ

* ਭਾਰਤ 2007, 2024 ਅਤੇ 2026 ਵਿਚ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣੀ 

* ਟੀ20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨੇ 255/5 ਦੌੜਾਂ ਦਾ ਰਿਕਾਰਡ ਬਣਾਇਆ

* ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਨੇ ਅਰਧ ਸੈਂਕੜੇ ਬਣਾਏ

 ਜਸਪ੍ਰੀਤ ਬੁਮਰਾਹ ਨੇ 15 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ

ਅਹਿਮਦਾਬਾਦ/ਚੰਡੀਗੜ੍ਹ, 8 ਮਾਰਚ, ਮਨਜੀਤ ਸਿੰਘ ਚਾਨਾ ਦੀ ਰਿਪੋਰਟ : 

ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਟੀਮ ਨੂੰ ਇਕਤਰਫਾ ਮੈਚ ਵਿਚ 30 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਜਿੱਤ ਨਾਲ ਟੀਮ ਇੰਡੀਆ ਨੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਪਹਿਲਾਂ ਖੇਡਦਿਆਂ ਟੀਮ ਇੰਡੀਆ ਨੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 255 ਦੌੜਾਂ ਬਣਾ ਕੇ ਫਾਈਨਲ ਵਿਚ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਬਣਾ ਦਿੱਤਾ। ਭਾਰਤ ਵਲੋਂ ਸਭ ਤੋਂ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਹੇ ਜਿਨ੍ਹਾਂ ਨੇ 15 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਅਤੇ ਜਸਪ੍ਰੀਤ ਬੁਮਰਾਹ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਜਦਕਿ ਲਗਾਤਾਰ ਤਿੰਨ ਅਰਧ ਸੈਂਕੜੇ ਅਤੇ ਕੁੱਲ 321 ਦੌੜਾਂ ਬਣਾਉਣ ਸਦਕਾ ਸੰਜੂ ਸੈਮਸਨ ਨੂੰ ਪਲੇਅਰ ਆਫ ਦੀ ਟੂਰਨਾਮੈਂਟ ਚੁਣਿਆ ਗਿਆ। ਇਸ ਮੈਚ ਨੂੰ ਜੀਓ ਹੌਟਸਟਾਰ ਚੈਨਲ ਉਤੇ 77.20 ਕਰੋੜ ਦਰਸ਼ਕਾਂ ਨੇ ਦੇਖਣ ਦਾ ਰਿਕਾਰਡ ਬਣਾ ਦਿੱਤਾ ਹੈ।

ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨੂੰ ਪਾਵਰ-ਪਲੇਅ ਦੇ 6 ਓਵਰਾਂ ਵਿਚ 92 ਦੌੜਾਂ ਬਣਾ ਦਿੱਤੀਆਂ। ਇਸ ਦੌਰਾਨ ਅਭਿਸ਼ੇਕ ਸ਼ਰਮਾ ਨੇ (21 ਗੇਂਦਾਂ ਤੇ 52 ਦੌੜਾਂ – 6×3, 4×6) ਨਾਲ ਵਿਸ਼ਵ ਕੱਪ ਵਿਚ ਆਪਣਾ ਪਹਿਲਾ ਧਮਾਕੇਦਾਰ ਅਰਧ ਸੈਂਕੜਾ ਬਣਾਇਆ ਅਤੇ ਅਭਿਸ਼ੇਕ 98 ਦੇ ਸਕੋਰ ਉਤੇ ਆਊਟ ਹੋਏ। ਪਹਿਲੇ 10 ਓਵਰਾਂ ਵਿਚ ਸੰਜੂ ਸੈਮਸਨ ਤੇ ਇਸ਼ਾਨ ਕਿਸ਼ਨ ਨੇ ਮਿਲ ਕੇ ਭਾਰਤੀ ਸਕੋਰ ਨੂੰ 127/1 ਦੌੜਾਂ ਉਤੇ ਪਹੁੰਚਾਇਆ। ਇਸ ਦੌਰਾਨ ਸੈਮਸਨ ( (45 ਗੇਂਦਾਂ ਤੇ 89 ਦੌੜਾਂ – 6×8, 4×5) ਨੇ ਟੂਰਨਾਮੈਂਟ ਵਿਚ ਲਗਾਤਾਰ ਤੀਜਾ ਅਰਧ ਸੈਂਕੜਾ ਜੜ ਦਿੱਤਾ ਅਤੇ ਦੋਵਾਂ ਨੇ ਮਿਲ ਕੇ 14 ਓਵਰਾਂ ਤੱਕ ਭਾਰਤੀ ਸਕੋਰ ਨੂੰ 1 ਵਿਕਟ ਉਤੇ 191 ਦੌੜਾਂ ਉਤੇ ਪਹੁੰਚਾ ਦਿੱਤਾ। ਇਸ ਦੌਰਾਨ ਈਸ਼ਾਨ ਕਿਸ਼ਨ (6×4, 4×4) ਨੇ 23 ਗੇਂਦਾਂ ਵਿਚ 50 ਦੌੜਾਂ ਬਣਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 15ਵੇਂ ਓਵਰ ਵਿਚ ਭਾਰਤ ਦਾ ਸਕੋਰ 203/1 ਸੀ। ਦੋਵਾਂ ਦਰਮਿਆਨ ਦੂਜੇ ਵਿਕਟ ਲਈ 105 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਬਣੀ ਅਤੇ ਸਕੋਰ ਨੂੰ 203/2 ਉਤੇ ਪਹੁੰਚਾ ਦਿੱਤਾ। ਨੀਸ਼ਮ ਦੇ 16 ਓਵਰ ਵਿਚ ਭਾਰਤੀ ਟੀਮ ਦੀਆਂ ਤਿੰਨ ਮਹੱਤਵਪੂਰਨ ਵਿਕਟ ਡਿੱਗ ਗਈਆਂ, ਜਿਸ ਵਿਚ ਸੈਮਸਨ, ਈਸ਼ਾਨ ਕਿਸ਼ਨ ਤੇ ਕਪਤਾਨ ਸੂਰਿਆ ਕੁਮਾਰ (0) ਉਤੇ ਆਊਟ ਹੋ ਗਏ। ਆਖਰੀ 4 ਓਵਰਾਂ ਵਿਚ ਭਾਰਤੀ ਟੀਮ ਨੇ 1 ਵਿਕਟ ਗੁਆ ਕੇ ਕੁੱਲ 45 ਦੌੜਾਂ ਜੋੜੀਆਂ, ਜਿਸ ਵਿਚ ਹਾਰਦਿਕ (18), ਤਿਲਕ ਵਰਮਾ (ਨਾਬਾਦ 8) ਅਤੇ ਸ਼ਿਵਮ ਦੂਬੇ (ਨਾਬਾਦ 26) ਰਹੇ। 20ਵੇਂ ਓਵਰ ਵਿਚ ਸ਼ਿਵਮ ਦੂਬੇ ਨੇ 24 ਦੌੜਾਂ ਬਣਾਈਆਂ।

ਨਿਊਜ਼ੀਲੈਂਡ ਵਲੋਂ ਜਿੰਮੀ ਨੀਸ਼ਮ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਸ ਨੇ 4 ਓਵਰਾਂ ਵਿਚ 42 ਦੌੜਾਂ ਦੇ ਕੇ 3 ਅਹਿਮ ਵਿਕਟਾਂ ਹਾਸਲ ਕੀਤੀਆਂ, ਜਦਕਿ ਮੈਟ ਹੈਨਰੀ ਅਤੇ ਰਚਿਤ ਰਵਿੰਦਰਾ ਨੇ 1-1 ਵਿਕਟ ਹਾਸਲ ਕੀਤੀ।

ਭਾਰਤੀ ਟੀਮ ਵਲੋਂ ਜਿੱਤ ਲਈ ਮਿੱਥੇ 256 ਦੌੜਾਂ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਉਸਨੇ ਪਾਵਰਪਲੇਅ ਦੇ 6 ਓਵਰਾਂ ਵਿਚ 52 ਦੌੜਾਂ ਉਤੇ 3 ਵਿਕਟਾਂ ਗੁਆ ਲਈਆਂ, ਜਿਸ ਵਿਚ ਅਕਸ਼ਰ ਪਟੇਲ ਨੇ 2 ਅਤੇ ਜਸਪ੍ਰੀਤ ਬੁਮਰਾ ਨੇ ਇਕ ਵਿਕਟ ਲਈ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਆਪਣੇ ਦੂਜੇ ਅਤੇ ਮੈਚ ਦੇ 8ਵੇਂ ਓਵਰ ਵਿਚ ਚੈਪਮੈਨ ਨੂੰ ਆਊਟ ਕਰਕੇ ਭਾਰਤੀ ਟੀਮ ਨੂੰ ਚੌਥੀ ਵਿਕਟ ਦਿਵਾਈ, ਉਸ ਸਮੇਂ ਨਿਊਜ਼ੀਲੈਂਡ ਦਾ ਸਕੋਰ 70/4 ਸੀ। ਇਸ ਦੌਰਾਨ ਸੈਫਰਟ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਨਾਲ ਹੀ ਵਰੁਣ ਚੱਕਰਵਰਤੀ ਨੇ 9ਵੇਂ ਓਵਰ ਵਿਚ ਓਪਨਰ ਸੈਫਰਟ ਨੂੰ ਆਊਟ ਕਰਕੇ ਭਾਰਤੀ ਟੀਮ ਨੂੰ ਮੈਚ ਵਿਚ ਵਾਪਸ ਲੈ ਆਂਦਾ। ਉਸ ਸਮੇਂ ਨਿਊਜ਼ੀਲੈਂਡ ਟੀਮ 72/5 ਸੀ। ਉਪਰੰਤ ਅਕਸ਼ਰ ਪਟੇਲ ਨੇ ਆਪਣੇ ਤੀਜੇ ਓਵਰ ਵਿਚ ਡੈਰਲ ਮਿਸ਼ੇਲ (17) ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਜਿੱਤ ਦੇ ਹੋਰ ਕਰੀਬ ਲਿਆ ਦਿੱਤਾ, ਜਦਕਿ 16ਵੇਂ ਓਵਰਾਂ ਵਿਚ ਬੁਮਰਾਹ ਨੇ ਆਪਣੇ ਤੀਜੇ ਓਵਰ ਵਿਚ ਜੈਮੀ ਨਿਸ਼ਮ (8) ਅਤੇ ਮੈਟ ਹੈਨਰੀ (0) ਨੂੰ ਬੋਲਡ ਕਰਕੇ 141/8 ਦੌੜਾਂ ਉਤੇ ਨਿਊਜ਼ੀਲੈਂਡ ਟੀਮ ਦੀ ਕਮਰ ਤੋੜ ਦਿੱਤੀ। ਉਪਰੰਤ ਬੁਮਰਾਹ ਨੇ ਕਪਤਾਨ ਸੈਂਟਨਰ (43) ਤੇ ਬੋਲਡ ਕਰ ਦਿੱਤਾ ਅਤੇ ਆਖਰੀ ਵਿਕਟ ਅਭਿਸ਼ੇਕ ਸ਼ਰਮਾ ਨੇ ਲਈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਪੂਰੀ ਟੀਮ 19 ਓਵਰਾਂ ਵਿਚ 159 ਦੌੜਾਂ ਤੇ ਆਲ-ਆਊਟ ਹੋ ਗਈ। 

ਭਾਰਤ ਵੱਲੋਂ ਸਭ ਤੋਂ ਸਫਲ ਗੇਂਦਬਾਜ ਜਸਪ੍ਰੀਤ ਬੁਮਰਾਹ ਰਹੇ ਜਿਨ੍ਹਾਂ ਨੇ 4 ਓਵਰਾਂ ਵਿਚ ਮਹਿਜ਼ 15 ਦੌੜਾਂ ਦੇ ਕੇ 4 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 3, ਜਦਕਿ ਪਾਂਡਿਆ ਅਤੇ ਚੱਕਰਵਰਤੀ ਨੇ 1-1 ਵਿਕਟ ਹਾਸਲ ਕੀਤੀ। 

ਇਸ ਤਰ੍ਹਾਂ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਇਸ ਤਰ੍ਹਾਂ ਟੀਮ ਇੰਡੀਆ 2007, 2024 ਅਤੇ 2026 ਵਿਚ ਤੀਜੀ ਵਾਰ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ।

Leave a Reply

Your email address will not be published. Required fields are marked *