
ਚੰਡੀਗੜ੍ਹ, 24 ਫਰਵਰੀ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਸੈਕਟਰ-7 ਸਟੇਡੀਅਮ ਵਿੱਚ ਕਰਵਾਈ ਗਈ ਨੌਰਥ ਜ਼ੋਨ ਚੈਂਪੀਅਨਸ਼ਿਪ ਦੌਰਾਨ ਭਾਈ ਗੁਰਪਾਲ ਸਿੰਘ ਤਿੰਮੋਵਾਲ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ 400 ਮੀਟਰ ਅਤੇ 200 ਮੀਟਰ ਦੌੜਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਵਿੱਚ ਸਿਲਵਰ ਮੈਡਲ ਅਤੇ 200 ਮੀਟਰ ਵਿੱਚ ਕਾਂਸੀ ਮੈਡਲ ਜਿੱਤ ਕੇ ਸਿੱਖ ਪੰਥ ਦਾ ਨਾਮ ਰੌਸ਼ਨ ਕੀਤਾ ਹੈ।
ਭਾਜਪਾ ਪੰਜਾਬ ਦੇ ਸਟੇਟ ਪ੍ਰੈਸ ਸੈਕਟਰੀ ਹਰਦੇਵ ਸਿੰਘ ਉੱਭਾ ਨੇ ਇਸ ਉਪਲਬਧੀ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਜਿੱਥੇ ਅੱਜਕੱਲ੍ਹ ਐਸ ਜੀ ਪੀ ਸੀ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਪ੍ਰਬੰਧਕ ਵੱਖ-ਵੱਖ ਵਿਵਾਦਾਂ ਵਿੱਚ ਘਿਰੇ ਹੋਏ ਹਨ, ਉੱਥੇ ਅਜਿਹੇ ਪ੍ਰਚਾਰਕ ਖੇਡ ਮੈਦਾਨ ਵਿੱਚ ਪ੍ਰਤਿਭਾ ਦਿਖਾ ਕੇ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਈ ਗੁਰਪਾਲ ਸਿੰਘ ਤਿੰਮੋਵਾਲ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਹਨ। ਉਹ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਕਰਸ਼ਿਤ ਕਰ ਰਹੇ ਹਨ, ਜੋ ਸਮਾਜ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ।
ਹਰਦੇਵ ਸਿੰਘ ਉੱਭਾ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਨਾਲ ਪੰਜਾਬ ਅਤੇ ਸਿੱਖ ਕੌਮ ਦਾ ਮਾਣ ਵਧਦਾ ਹੈ।