
ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਐਚ.ਐਸ. ਲੱਕੀ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਵਾਗਤ
ਚੰਡੀਗੜ੍ਹ, 18 ਜਨਵਰੀ, ਪੰਜਾਬੀ ਦੁਨੀਆ ਬਿਊਰੋ:
ਯੂਟੀ ਚੰਡੀਗੜ੍ਹ ਸਲਾਹਕਾਰ ਕਮੇਟੀ ਦੇ ਮੈਂਬਰ ਸ੍ਰੀ ਬੀ.ਐਮ. ਖੰਨਾ ਨੂੰ ਸਰਬਸੰਮਤੀ ਨਾਲ ਸੈਕਟਰ 38 ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦਾ ਮੁੜ ਪ੍ਰਧਾਨ ਚੁਣਿਆ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਐਚ.ਐਸ. ਲੱਕੀ ਅਤੇ ਸਮਾਗਮ ਵਿੱਚ ਹਾਜ਼ਰ ਵਰਕਰਾਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਅੱਜ ਐਤਵਾਰ ਨੂੰ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ, ਸੈਕਟਰ-38 ਦੇ ਸਮੂਹ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸੈਕਟਰ-43 ਸਥਿਤ ਇੱਕ ਹੋਟਲ ਵਿੱਚ ਹੋਈ, ਜਿਥੇ ਮੌਜੂਦ ਵਰਕਰਾਂ ਨੇ ਸਰਬਸੰਮਤੀ ਨਾਲ ਬੀਐਮ ਖੰਨਾ ਨੂੰ ਹੱਥ ਚੁੱਕ ਕੇ ਪ੍ਰਧਾਨ ਚੁਣ ਲਿਆ।
ਇਥੇ ਦੱਸਣਯੋਗ ਹੈ ਕਿ ਸ੍ਰੀ ਖੰਨਾ 1989 ਤੋਂ ਸੈਕਟਰ-38 ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਹੇ ਹਨ ਅਤੇ ਉਹ ਸੈਕਟਰ-38 ਵਾਸੀਆਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ ਅਤੇ ਸਲਾਹਕਾਰ ਕਮੇਟੀ ਦੇ ਸਾਹਮਣੇ ਆਪਣੀਆਂ ਮੰਗਾਂ ਵੀ ਉਠਾਉਂਦੇ ਰਹੇ ਹਨ। ਇਸ ਸਮਾਗਮ ਦੌਰਾਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਅਤੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪਵਨ ਸ਼ਰਮਾ, ਮਨੀਸ਼ ਲਾਬਾ, ਰਮੇਸ਼ ਆਹੂਜਾ, ਸਵਰਾਜ ਅਰੋੜਾ, ਵਿਕਟਰ ਸਿੱਧੂ, ਰਜਨੀ ਤਲਵਾੜ, ਮਧੂ ਗੁਪਤਾ, ਬਿਪਿਨ ਗਾਬਾ ਅਤੇ ਹੋਰ ਵਰਕਰ ਮੌਜੂਦ ਸਨ।