
ਭਾਜਪਾ ਦਾ ‘ਸੰਕਲਪ ਪੱਤਰ’ ਨਿਰਾ ਝੂਠ ਦਾ ਪੁਲੰਦਾ, ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ : ਲੱਕੀ
‘ਇੰਡੀਆ ਗੱਠਜੋੜ’ ਤੋਂ ਘਬਰਾਉਣ ਲੱਗੀ ਭਾਜਪਾ : ਆਹਲੂਵਾਲੀਆ
ਚੰਡੀਗੜ੍ਹ, 27 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਲੋਕ ਸਭਾ ਚੋਣਾਂ 2024 ਲਈ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਮੁਨੀਸ਼ ਤਿਵਾੜੀ ਦੀ ਇਕ ਭਰਵੀਂ ਚੋਣਾਵੀ ਮੀਟਿੰਗ ਬੀਤੀ ਰਾਤ ਸੈਕਟਰ 43 ਸਥਿਤ ਹੋਟਲ ਮੈਟਰੋ ਵਿਖੇ ਹੋਈ। ਇਸ ਮੀਟਿੰਗ ਦਾ ਆਯੋਜਨ ਇਲਾਕਾ ਕੌਂਸਲਰ ਗੁਰਬਖ਼ਸ਼ ਰਾਵਤ ਦੇ ਪਤੀ ਵਰਿੰਦਰ ਰਾਵਤ, ਰਾਕੇਸ਼ ਬਰੋਟੀਆ ਅਤੇ ਉਹਨਾਂ ਦੀ ਟੀਮ ਵਲੋਂ ਕੀਤਾ ਗਿਆ। ਜਿਸ ਵਿਚ ਵਾਰਡ 27 ਤੋਂ ਸ਼ਾਮਲ ਵੱਖ ਵੱਖ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਬੀਤੇ ਲੰਮੇ ਸਮੇਂ ਤੋਂ ਲੋਕਾਂ ਦੇ ਹਾਊਸਿੰਗ ਬੋਰਡ ਦੇ ਫਲੈਟਾਂ ਵਿਚ ਜ਼ਰੂਰਤ ਮੁਤਾਬਕ ਬਦਲਾਅ ਕਰਨ ਅਤੇ ਨਗਰ ਕੌਂਸਲ ਵਲੋਂ ਜਾਰੀ ਕੀਤੇ ਜਾਂਦੇ ਨੋਟਿਸ ਅਤੇ ਵੱਡੇ ਵੱਡੇ ਜੁਰਮਾਨਿਆਂ ਦੇ ਲਟਕਦੇ ਸਾਂਝੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਗਿਆ।

ਇਸ ਦੌਰਾਨ ਬੋਲਦਿਆਂ ਇੰਡੀਆ ਗੱਠਜੋੜ ਦੇ ਸਾਂਝੇ ਉਮੀਦਵਾਰ ਮੁਨੀਸ਼ ਤਿਵਾੜੀ ਨੇ ਸਮੂਹ ਹਾਜ਼ਰੀਨ ਨੂੰ ਇਹ ਭਰੋਸਾ ਦਿੰਦਿਆਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹਾਊਸਿੰਗ ਬੋਰਡ ਫਲੈਟਾਂ ਵਿਚ ਜ਼ਰੂਰੀ ਬਦਲਾਅ ਦੇ ਮਸਲੇ ਨੂੰ ਹੱਲ ਕਰਨ ਦੀ ਹੋਵੇਗੀ। ਉਹਨਾਂ ਕਿਹਾ ਕਿ ਸਮੇਂ ਮੁਤਾਬਕ ਪਰਿਵਾਰਾਂ ਵਿਚ ਵਾਧਾ ਹੁੰਦਾ ਹੈ, ਬੱਚੇ ਵੱਡੇ ਹੁੰਦੇ ਹਨ ਅਤੇ ਇਸ ਲਈ ਹਰ ਕਿਸੇ ਵੀ ਵੱਡੇ ਮਕਾਨ ਲੈਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਮੌਜੂਦਾ ਮਕਾਨ ਵਿਚ ਲੋੜ ਮੁਤਾਬਕ ਕੁਝ ਤਬਦੀਲੀ ਕਰਨਾ ਸੁਭਾਵਿਕ ਹੈ, ਇਹ ਕੋਈ ਗ਼ੈਰਵਾਜਿਬ ਨਹੀਂ, ਜਿਸ ਦਾ ਸਭ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਅੱਗੇ ਕਿਹਾ ਕਿ ਪਹਿਲੇ-ਦੂਜੇ ਗੇੜ ਦੀਆਂ ਚੋਣਾਂ ਤੋਂ ਭਾਜਪਾ ਦੀ ਸਥਿਤੀ ਡਾਵਾਂਡੋਲ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਉਪਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਉਹਨਾਂ ਕਿਸੇ ਬੀਤੇ 10 ਸਾਲਾਂ ਵਿਚ ਭਾਜਪਾ ਐਮ.ਪੀ. ਦੇ ਚੰਡੀਗੜ੍ਹ ਸ਼ਹਿਰ ਦਾ ਹਾਲ ਨਹੀਂ ਪੁੱਛਿਆ।

ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਕਿਹਾ ਕਿ ਭਾਜਪਾ ਦੇ ਜਾਰੀ ਕੀਤੇ ਸੰਕਲਪ ਪੱਤਰ ਵਿਚ ਕੋਈ ਵੀ ਸੰਕਲਪ ਨਹੀਂ ਹੈ, ਸਗੋਂ ਸ਼ਹਿਰ ਨਿਵਾਸੀਆਂ ਨੂੰ ਤੀਜੀ ਵਾਰ ਧੋਖਾ ਦੇਣ ਦੇ ਉਦੇਸ਼ ਤਹਿਤ ਸਿਰਫ਼ ਝੂਠ ਦਾ ਪੁਲੰਦਾ ਹੈ। ਉਹਨਾਂ ਕਿਹਾ ਕਿ ਲੋਕ ਭਾਜਪਾ ਦੇ ਮਨਸੂਬਿਆਂ ਨੂੰ ਸਮਝ ਚੁੱਕੇ ਹਨ ਅਤੇ ਹੋਰ ਮੂਰਖ ਨਹੀਂ ਬਣਨਗੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਪਿਛਲੇ 10 ਸਾਲਾਂ ਵਿਚ ਕੀਤੇ ਵਾਅਦਿਆਂ ਵਿਚੋਂ ਅਜੇ ਤੱਕ ਇਕ ਵੀ ਪੂਰਾ ਨਹੀਂ ਕੀਤਾ ਗਿਆ, ਤਾਂ ਲੋਕ ਇਸ ਸੰਕਲਪ ਪੱਤਰ ਉਤੇ ਕਿਵੇਂ ਵਿਸ਼ਵਾਸ਼ ਕਰਨਗੇ? ਉਹਨਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਆਓ ਅਸੀਂ ਇਸ ਵਾਰ ਮੁਨੀਸ਼ ਤਿਵਾੜੀ ਜੀ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜੀਏ ਤਾਂ ਜੋ ਸ਼ਹਿਰ ਦੇ ਰੁਕੇ ਕੰਮਾਂ ਦੀ ਸੰਸਦ ਵਿਚ ਉਹ ਅਵਾਜ਼ ਉਠਾ ਸਕਣ।

ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਸਹਿ ਪ੍ਰਭਾਰੀ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਵਧਦੇ ਕਦਮਾਂ ਤੋਂ ਭਾਜਪਾ ਘਬਰਾਉਣ ਲੱਗ ਪਈ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਆਪਣੀ ਹਾਰ ਤੋਂ ਘਬਰਾ ਕੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਉਚ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਬੰਦ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਅੰਦਰਖਾਤੇ ਕਿੰਨੀ ਡਰੀ ਹੋਈ ਹੈ। ਉਹਨਾਂ ਭਰੋਸਾ ਦਿੱਤਾ ਕਿ ਇੰਡੀਆ ਗੱਠਜੋੜ ਅਤੇ ਸਾਡਾ ਹਰ ਵਰਕਰ ਵੱਧ ਤੋਂ ਵੱਧ ਵੋਟਾਂ ਪਾ ਕੇ ਮੁਨੀਸ਼ ਤਿਵਾੜੀ ਜੀ ਨੂੰ ਜਿਤਾਉਣਗੇ।
ਇਸ ਦੌਰਾਨ ਫੌਸਵੈਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਮਨੀਸ਼ ਤਿਵਾੜੀ ਜੀ ਨੂੰ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਸਾਡੇ ਗਹਿਰੇ ਰਿਸ਼ਤੇ ਹਨ। ਉਹਨਾਂ ਮੁਨੀਸ਼ ਤਿਵਾੜੀ ਜੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹਿਰ ਅਤੇ ਆਪਣੇ ਇਲਾਕੇ ਵਿਚੋਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨਾਂ ਨੂੰ ਸੰਸਦ ਵਿਚ ਭੇਜਣਗੇ ਅਤੇ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਾਂ।
ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ ‘ਕਾਂਗਰਸ ਜ਼ਿੰਦਾਬਾਦ, ਇੰਡੀਆ ਗੱਠਜੋੜ ਜ਼ਿੰਦਾਬਾਦ’ ਅਤੇ ‘ਮੁਨੀਸ਼ ਤਿਵਾੜੀ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰਿਆਂ ਨਾਲ ਹਾਲ ਗੂੰਜ ਉਠਿਆ ਅਤੇ ਮਾਹੌਲ ਬੜਾ ਹੀ ਸੁਹਾਵਨਾ ਬਣ ਗਿਆ।
ਇਸ ਮੌਕੇ ਸ੍ਰੀ ਵੀ.ਐਨ. ਸ਼ਰਮਾ, ਫੌਸਵੈਕ ਦੇ ਚੇਅਰਮੈਨ ਬਲਜਿੰਦਰ ਬਿੱਟੂ ਅਤੇ ਜਨਰਲ ਸਕੱਤਰ ਅਮਰਦੀਪ ਸਿੰਘ, ਪ੍ਰਦੀਪ ਚੌਹਾਨ, ਹਿਮਾਚਲ ਮਹਾਂ ਸਭਾ ਦੇ ਪ੍ਰਧਾਨ ਪ੍ਰਿਥੀ ਸਿੰਘ ਪ੍ਰਜਾਪਤੀ, ਤਰਸੇਮ ਸ਼ਰਮਾ, ਗੁਰਮੀਤ ਸਿੰਘ ਰਾਓ, ਜਸਪਾਲ ਸਿੰਘ, ਬੀ.ਐਸ. ਰੰਧਾਵਾ, ਜਸਪਾਲ ਸਿੰਘ ਸਿਧਾਨਾ, ਬਾਬੂ ਰਾਮ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਹੈਪੀ ਆਦਿ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਅਤੇ ਵਰਕਰ ਹਾਜ਼ਰ ਸਨ।