Breaking News

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਮੁਹਿੰਮ ਪੰਜਾਬ ਭਰ ਵਿੱਚ 2 ਮਹੀਨੇ ਲਈ 12 ਅਗਸਤ, ਤੋਂ 12 ਅਕਤੂਬਰ, 2025 ਤੱਕ ਚਲਾਈ ਜਾਵੇਗੀ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 12 ਅਗਸਤ, ਅਮਨਦੀਪ ਸਿੰਘ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਡਾ. ਬਲਬੀਰ ਸਿੰਘ ਵੱਲੋਂ ਅੱਜ ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆ ਵਿੱਚ ਐਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਸੰਬੰਧੀ “ਇੰਟੇਂਸੀਫਾਈਡ ਆਈ.ਈ.ਸੀ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਪੰਜਾਬ ਭਰ ਵਿੱਚ 2 ਮਹੀਨੇ ਲਈ 12 ਅਗਸਤ, ਤੋਂ 12 ਅਕਤੂਬਰ, 2025 ਤੱਕ ਚਲਾਈ ਜਾਵੇਗੀ।
ਇਸ ਦੀ ਸ਼ੁਰੂਆਤ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ, ਵੱਲੋਂ ਯੂਨਿਵਰਸਿਟੀ ਦੇ ਵਿਦਿਆਰਥੀਆਂ ਦੀ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਕੇ ਕੀਤੀ ਗਈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇੰਟੇਂਸੀਫਾਈਡ ਮੁਹਿੰਮ ਦੇ 2 ਮਹੀਨਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਮਿਲ ਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਸਕੂਲਾਂ ਅਤੇ ਕਾਲਜ ਤੱਕ ਪਹੁੰਚ ਕੇ ਲੋਕਾਂ ਨੂੰ ਐੱਚ.ਆਈ.ਵੀ ਬਾਰੇ ਵਿੱਚ ਸਹੀ ਤੇ ਸਟੀਕ ਜਾਣਕਾਰੀ ਦੇਣਗੀਆਂ। ਇਸ ਮੁਹਿੰਮ ਅਧੀਨ 6567 ਸਕੂਲਾਂ ਅਤੇ 725 ਕਾਲਜਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਐਚ.ਆਈ.ਵੀ. ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਚ.ਆਈ.ਵੀ/ਏਡਜ਼ ਐਕਟ-2017 ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਇਸ ਐਕਟ ਅਧੀਨ ਐੱਚ.ਆਈ.ਵੀ ਪ੍ਰਭਾਵਿਤ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕਰਨਾ ਕਾਨੂੰਨੀ ਅਪਰਾਧ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪ੍ਰਭਾਵਸ਼ਾਲੀ ਢੰਗ ਨਾਲ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਪੁਨਰਵਾਸ ਕੇਂਦਰ ਦੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 43 ਓ ਐਸ ਟੀ (ਓਰਲ ਸਬਸਟੀਚਿਊਸ਼ਨ ਥੈਰੇਪੀ) ਸੈਂਟਰ ਚਲਾਏ ਜਾ ਰਹੇ ਹਨ, ਜਿਥੇ ਟੀਕਿਆਂ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਵਾਈ ਦੇ ਕੇ ਇਲਾਜ ਕੀਤਾ ਜਾਂਦਾ ਹੈ, ਜਿਸ ਨਾਲ ਉਹ ਹੌਲੀ-ਹੌਲੀ ਨਸ਼ਾ ਛੱਡ ਦਿੰਦੇ ਹਨ ਅਤੇ ਉਹ ਐੱਚ.ਆਈ.ਵੀ, ਹੈਪੇਟਾਈਟਸ ਵਰਗੀਆਂ ਘਾਤਕ ਬਿਮਾਰੀਆਂ ਤੋਂ ਵੀ ਬਚ ਸਕਦੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 36 ਨਸ਼ਾ ਛੁਡਾਉ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿੱਚ ਇਨਡੋਰ ਇਲਾਜ ਦੀਆਂ ਸੁਵਿਧਾਵਾਂ ਤਾਂ ਦਿੱਤੀਆਂ ਹੀ ਜਾਂਦੀਆਂ ਹਨ, ਨਾਲ ਹੀ ਸਲਾਹ, ਪੋਸ਼ਣ, ਦਵਾਈਆਂ ਅਤੇ ਹੋਰ ਸਿਹਤ ਸੇਵਾਵਾਂ ਮੁਫ਼ਤ ਉਪਲਬੱਧ ਕਰਵਾਈਆਂ ਜਾਂਦੀਆਂ ਹਨ। ਇੱਥੇ ਇਲਾਜ ਕਰਵਾਉਣ ਵਾਲੇ ਨੌਜਵਾਨਾਂ ਲਈ 15 ਮੁੜ ਵਸੇਬਾ ਕੇਂਦਰ (ਰਿਹੈਬਿਲੀਟੇਸ਼ਨ ਸੈਂਟਰ) ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਜੀਵਨ ਦੀ ਦੋਬਾਰਾ ਸ਼ੁਰੂਆਤ ਕਰਨ ਲਈ ਪੁਨਰਵਾਸ ਅਤੇ ਹੁਨਰ ਵਿਕਾਸ ਰਾਹੀਂ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੀ ਪਹਿਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 548 ਓਟ ਕਲੀਨਿਕ ਖੋਲ੍ਹੇ ਹੋਏ ਹਨ। ਇਹ ਕਲੀਨਿਕ ਨਸ਼ਾ ਛੱਡਣ ਦੀ ਪ੍ਰਕਿਰਿਆ ਨੂੰ ਅਆਸਾਨ ਬਣਾਉਂਦੇ ਹਨ ਅਤੇ ਲੋਕ ਆਪਣੇ ਰੋਜ਼ਾਨਾ ਦੇ ਕੰਮ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਇਲਾਜ ਜਾਰੀ ਰੱਖ ਸਕਦੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐਚ.ਆਈ.ਵੀ. ਦੇ ਮੁਫ਼ਤ ਟੈਸਟਾਂ ਲਈ ਰਾਜ ਵਿੱਚ 115 ਇੰਟੀਗ੍ਰੇਟਿਡ ਕਾਉਂਸਲਿੰਗ ਅਤੇ ਟੈਸਟਿੰਗ ਸੈਂਟਰ ਚਲਾਏ ਜਾ ਰਹੇ ਹਨ
ਅਤੇ ਐਚ.ਆਈ.ਵੀ. ਪ੍ਰਭਾਵਿਤਾਂ ਨੂੰ ਏ.ਆਰ.ਵੀ. ਦਵਾਈਆਂ ਉਪਲਬੱਧ ਕਰਵਾਉਣ ਲਈ 24 ਐਂਟੀ-ਰੇਟਰੋਵਾਇਰਲ ਥੈਰੇਪੀ (ਏ ਆਰ ਟੀ) ਸੈਂਟਰ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ 31 ਜਿਨਸੀ ਤੌਰ ‘ਤੇ ਸੰਚਾਰਿਤ ਲਾਗ ਦੀ ਰੋਕਥਾਮ ਦੇ ਕਲੀਨਿਕ ਚਲਾਏ ਜਾ ਰਹੇ ਹਨ ਅਤੇ ਗੁਪਤ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਗਰੁੱਪ—ਜਿਵੇਂ ਮਹਿਲਾ ਸੈਕਸ ਵਰਕਰ, ਪੁਰਸ਼ ਤੋਂ ਪੁਰਸ਼ਾਂ ਨਾਲ ਸੰਬੰਧ ਬਣਾਉਣ ਵਾਲੇ ਅਤੇ ਨਸ਼ਾ ਕਰਨ ਵਾਲੇ ਨਸ਼ਾ ਪੀੜਤਾਂ ਨੂੰ ਵਿਸ਼ੇਸ਼ ਤੌਰ ਤੇ ਸਿਹਤ ਸੁਰੱਖਿਆ ਦੇਣ ਲਈ ਰਾਜ ਦੇ 78 ਟਾਰਗੇਟ ਇੰਟਰਵੇਂਸ਼ਨ (ਟੀ ਆਈ) ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਚ.ਆਈ.ਵੀ. ਅਤੇ ਨਸ਼ੇ ਦਾ ਆਪਸ ਵਿੱਚ ਬਹੁਤ ਗਹਿਰਾ ਸਬੰਧ ਹੈ। ਨਸ਼ੇ ਦੌਰਾਨ ਖਾਸ ਕਰਕੇ ਟੀਕੇ ਦੀ ਵਰਤੋਂ ਕਰਕੇ ਨਸ਼ਾ ਕਰਨ ਵਾਲੇ ਲੋਕਾਂ ਵੱਲੋਂ ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਕੀਤੀ ਜਾਂਦੀ ਹੈ। ਨਸ਼ਿਆਂ ਕਾਰਣ ਐੱਚ.ਆਈ.ਵੀ ਦੇ ਸੰਕ੍ਰਮਣ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਨਸ਼ੇ ਦੀ ਆਦਤ ਵਿਅਕਤੀ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਨੂੰ ਘਟਾਉਂਦੀ ਹੈ। ਇਹੀ ਕਾਰਨ ਹੈ ਕਿ ਨਸ਼ੇ ਦੀ ਆਦਤ ਵਿਰੁੱਧ ਲੜਾਈ ਸਿੱਧੇ ਤੌਰ ‘ਤੇ ਐੱਚ.ਆਈ.ਵੀ ਨੂੰ ਰੋਕਣ ਦੀ ਲੜਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਜਦੋਂ ਅਸੀਂ ਨਸ਼ੇ ਦੀ ਲਤ ਨੂੰ ਖਤਮ ਕਰਦੇ ਹਾਂ, ਤਾਂ ਅਸੀਂ ਐੱਚ.ਆਈ.ਵੀ ਦੇ ਫੈਲਣ ਨੂੰ ਵੀ ਰੋਕਦੇ ਹਾਂ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਿਰਫ਼ ਐੱਚ.ਆਈ.ਵੀ. ਦੇ ਖਿਲਾਫ ਲੜਾਈ ਤੱਕ ਸੀਮਤ ਨਹੀਂ ਹੈ, ਸਗੋਂ ਇੱਕ ਸਿਹਤਮੰਦ, ਜਾਗਰੂਕ ਅਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਕਰਨਾ ਵੀ ਹੈ।
ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਕਮ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸ਼੍ਰੀ ਘਨਸ਼ਿਆਮ ਥੌਰੀ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰ.ਐਸ. ਬਾਵਾ, ਸੁਸਾਇਟੀ ਦੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ, ਜੁਆਇੰਟ ਡਾਇਰੈਕਟਰ ਸ਼੍ਰੀਮਤੀ ਪਵਨ ਰੇਖਾ ਬੇਰੀ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *