
ਬਠਿੰਡਾ, 14 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਸਮਾਜ ਸੇਵਕ ਲੱਖਾ ਸਿਧਾਣਾ ਨੂੰ ਉਨ੍ਹਾਂ ਦੀਆਂ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ।
ਪਾਰਟੀ ਵੱਲੋਂ ਹੁਣ ਤੱਕ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪਟਿਆਲਾ ਤੋਂ ਪ੍ਰੋ. ਮਹਿੰਦਰਪਾਲ ਸਿੰਘ, ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ, ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।