
ਮੋਹਾਲੀ, 20 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਸੀਟੂ ਦੀ ਪੰਜਾਬ ਸਟੇਟ ਕਮੇਟੀ ਵਲੋਂ ਇਸ ਦੇ ਸੁਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਰਾਹੀਂ 22 ਅਪ੍ਰੈਲ ਨੂੰ ਦੇਸ਼ ਭਰ ਵਿੱਚ ਤਿੱਖੇ ਰੋਸ਼ ਐਕਸ਼ਨ ਕਰਨ ਦੇ ਫੈਸਲੇ ਦਾ ਸਵਾਗਤ ਅਤੇ ਸਮਰਥਨ ਕੀਤਾ ਹੈ।
22 ਅਪ੍ਰੈਲ ਨੂੰ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਭਾਰਤ ਵਿੱਚ ਪਹੁੰਚ ਰਹੇ ਹਨ ਜਿੱਥੇ ਉਹ ਅਤੇ ਉਸ ਦੇ ਸਹਿਯੋਗੀ ਵਣਜ ਮੰਤ੍ਰੀ ਭਾਰਤ ਸਰਕਾਰ ਨਾਲ ਟੈਰਿਫ ਦੇ ਮਸਲੇ ਸਬੰਧੀ ਅਤੇ ਅਮਰੀਕਨ ਖੇਤੀ ਉਪਜਾਂ, ਦੁੱਧ ਨਾਲ ਬਣਨ ਵਾਲੀਆਂ ਵਸਤਾਂ, ਦਾਲਾਂ, ਤੇਲ ਬੀਜ ਆਦਿ ਲਈ ਭਾਰਤੀ ਬਜਾਰ ਖੋਲਣ ਦੀਆਂ ਰਿਆਇਤੀ ਹਾਸਲ ਕਰਨ ਲਈ ਭਾਰਤੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਭਾਰਤੀ ਖੇਤੀ ਖੇਤਰ ਪਹਿਲਾ ਹੀ ਗਹਿਰੇ ਸੰਕਟ ਵਿੱਚ ਫਸਿਆ ਹੋਇਆ ਹੈ। ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਖੇਤੀ ਖੇਤਰ ਨੂੰ ਭਾਰਤੀ ਤੇ ਵਿਦੇਸ਼ੀ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨ ਲਈ ਪਹਿਲਾ ਹੀ ਰਸੇ-ਪੈੜੇ ਵੱਟ ਰਹੀ ਹੈ, ਹੁਣ ਉਹ ਅਮਰੀਕਨ ਸਾਮਰਾਜ ਦੇ ਦਾਬੇ ਥੱਲੇ ਭਾਰਤ ਨੂੰ ਉਥੇ ਦੀਆਂ ਵਸਤਾਂ ਦੀ ਖੁੱਲੀ ਮੰਡੀ ਬਣਾਉਣ ਲਈ ਤਿਆਰ ਹੋਈ ਜਾਪਦੀ ਹੈ। ਇਸੇ ਲਈ ਕਿਸੇ ਵੀ ਕੇਂਦਰੀ ਸਰਕਾਰ ਦੇ ਸਬੰਧਤ ਮੰਤਰੀ ਜਾਂ ਅਧਿਕਾਰੀ ਨੇ ਇਸ ਸਬੰਧ ਵਿੱਚ ਬਾਰਤ ਦੀ ਪੁਜੀਸ਼ਨ ਸਪੱਸ਼ਟ ਨਹੀਂ ਕੀਤੀ। ਇਹ ਬਹੁਤ ਹੀ ਨਿੰਦਣਯੋਗ ਚੁੱਪੀ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਭਾਰਤੀ ਕਿਸਾਨ ਬਿਕਾਊ ਨਹੀਂ ਹੈ। ਮੋਦੀ ਸਰਕਾਰ ਅਮਰੀਕਨ ਦਬਾਅ ਹੇਠ ਪਹਿਲਾ ਹੀ ਹਰ ਪੱਖੋਂ ਉਸ ਦੀ ਪਿਛਲੱਗ ਬਣ ਚੁੱਕੀ ਹੈ। ਕੋਈ ਵੀ ਕਿਸਾਨ ਅਤੇ ਖੇਤੀ ਖੇਤਰ ਦੇ ਹਿਤਾਂ ਵਿਰੁੱਧ ਸੰਭਾਵਿਤ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 22 ਅਪ੍ਰੈਲ ਨੂੰ “ਵੈਂਸ਼ ਵਾਪਿਸ ਜਾਓ, ਖੇਤੀ ਬਚਾਓ-ਦੇਸ਼ ਬਚਾਓ” ਦੇ ਨਾਅਰੇ ਹੇਠ ਵਿਰੋਧ ਐਕਸ਼ਨ ਜਥੇਬੰਦ ਕੀਤੇ ਜਾਣਗੇ।
ਸੀਟੂ ਇਸ ਦੇਸ਼-ਵਿਆਪੀ ਕਿਸਾਨ ਫੈਸਲੇ ਦਾ ਭਰਵਾਂ ਸਵਾਗਤ ਕਰਦੀ ਹੈ ਅਤੇ ਐਕਸ਼ਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦੀ ਹੈ।
ਸੂਬਾਈ ਸੀਟੂ ਨੇ ਅਪਣੀ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਜਿੱਥੇ ਵੀ ਸੰਭਵ ਹੋਵੇ, ਕਿਸਾਨ ਐਕਸ਼ਨਾਂ ਵਿੱਚ ਵਧ-ਚੜ ਕੇ ਭਾਗ ਲੈਣ ਜਾਂ ਅਪਣੇ ਤੌਰ ‘ਤੇ ਇਸ ਐਕਸ਼ਨ ਨੂੰ ਜਥੇਬੰਦ ਕਰਨਾ ਯਕੀਨੀ ਬਣਾਉਣ।