
ਨਵੀਂ ਦਿੱਲੀ, 17 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੀਤੇ ਵਰ੍ਹੇ ਬਾਰਡਰ-ਗਾਵਸਕਰ ਟਰਾਫੀ ਦੌਰਾਨ ਆਸਟ੍ਰੇਲੀਆ ਵਿੱਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਟੀਮ ਦੇ ਸਹਾਇਕ ਸਟਾਫ ਦੇ ਕਈ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ।
ਸਹਾਇਕ ਕੋਚ ਅਭਿਸ਼ੇਕ ਨਾਇਰ, ਜਿਨ੍ਹਾਂ ਨੂੰ ਸਿਰਫ਼ ਅੱਠ ਮਹੀਨੇ ਪਹਿਲਾਂ ਨਿਯੁਕਤ ਕੀਤਾ ਗਿਆ ਸੀ, ਨੂੰ ਉਨ੍ਹਾਂ ਦੀ ਡਿਊਟੀ ਤੋਂ ਮੁਕਤ ਕਰ ਦਿੱਤਾ ਹੈ। ਨਾਲ ਹੀ, ਫੀਲਡਿੰਗ ਕੋਚ ਟੀ. ਦਿਲੀਪ ਅਤੇ ਕੰਡੀਸ਼ਨਿੰਗ ਕੋਚ ਸੋਹਮ ਦੇਸਾਈ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਪਤਾ ਲੱਗਾ ਹੈ ਕਿ ਇੱਕ ਟੀਮ ਦੇ ਮਾਲਿਸ਼ਕਰਤਾ ਨੂੰ ਵੀ ਕਥਿਤ ਤੌਰ ‘ਤੇ ਓਵਰਹਾਲ ਦੇ ਹਿੱਸੇ ਵਜੋਂ ਹਟਾ ਦਿੱਤਾ ਗਿਆ ਹੈ।
ਬੀਸੀਸੀਆਈ ਨੇ ਤੁਰੰਤ ਹੋਈਆਂ ਖਾਲੀ ਥਾਂਵਾਂ ਨੂੰ ਭਰਨ ਲਈ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੂੰ ਅਸਥਾਈ ਤੌਰ ‘ਤੇ ਟੀ. ਦਿਲੀਪ ਦੀ ਜਗ੍ਹਾ ਟੀਮ ਦੀ ਫੀਲਡਿੰਗ ਜ਼ਿੰਮੇਵਾਰੀ ਸੌਂਪੀ ਹੈ, ਜਦੋਂ ਕਿ ਨਾਇਰ ਜਾਂ ਦਿਲੀਪ ਲਈ ਅਜੇ ਤੱਕ ਕਿਸੇ ਸਿੱਧੇ ਬਦਲ ਦਾ ਨਾਮ ਨਹੀਂ ਐਲਾਨਿਆ। ਦੱਖਣੀ ਅਫ਼ਰੀਕੀ ਟ੍ਰੇਨਰ ਐਡਰੀਅਨ ਲੇ ਰੌਕਸ, ਜੋ ਵਰਤਮਾਨ ਵਿੱਚ ਆਈਪੀਐਲ ਵਿੱਚ ਪੰਜਾਬ ਕਿੰਗਜ਼ ਦਾ ਹਿੱਸਾ ਹਨ, ਉਹ, ਸੋਹਮ ਦੇਸਾਈ ਦੀ ਜਗ੍ਹਾ ਸੰਭਾਲਣਗੇ।
ਨਵ-ਨਿਯੁਕਤ ਸਟਾਫ ਦੇ 20 ਜੂਨ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਮਹੱਤਵਪੂਰਨ ਟੈਸਟ ਲੜੀ ਤੋਂ ਪਹਿਲਾਂ ਭਾਰਤੀ ਟੀਮ ਵਿਚ ਸ਼ਾਮਲ ਹੋਣ ਦੀ ਉਮੀਦ ਹੈ।