ਨਵੀਂ ਦਿੱਲੀ, 21 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ “ਗੰਭੀਰ” ਬਣਿਆ ਹੋਇਆ ਹੈ। ਇਕ ਸਰਵੇ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਇਲਾਕੇ ਵਿੱਚ ਹਰੇਕ ਪਰਿਵਾਰ ਦਾ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਪ੍ਰਦੂਸ਼ਣ ਨਾਲ ਸਬੰਧਤ ਸਿਹਤ ਸਮੱਸਿਆਵਾਂ ਨਾਲ ਪੀੜ੍ਹਤ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 424 ਦਰਜ ਕੀਤੀ ਗਈ ਹੈ, ਜਿਸ ਨਾਲ ਜ਼ਹਿਰੀਲੇ ਧੂੰਏਂ ਦੀ ਇੱਕ ਸੰਘਣੀ ਚਾਦਰ ਰਾਸ਼ਟਰੀ ਰਾਜਧਾਨੀ ਨੂੰ ਉਤੇ ਛਾਈ ਹੋਈ ਹੈ।
ਦਰਅਸਲ, ਦਿੱਲੀ ਦੀ ਹਵਾ ਵਿੱਚ PM2.5 ਪ੍ਰਦੂਸ਼ਕ ਪੱਧਰ WHO ਦੁਆਰਾ ਸਿਫ਼ਾਰਸ਼ ਕੀਤੀ ਰੋਜ਼ਾਨਾ ਸੀਮਾ ਤੋਂ 60 ਗੁਣਾ ਵੱਧ ਸੀ। WHO ਮੁਤਾਬਕ ਪੀਐਮ 2.5 ਦਾ ਸਾਲਾਨਾ ਔਸਤ ਪੱਧਰ 5 μg/m3 ਤੋਂ ਵੱਧ ਨਹੀਂ ਹੋਣਾ ਚਾਹੀਦਾ।
ਰਿਪੋਰਟ ਮੁਤਾਬਕ ਦਿੱਲੀ-ਐਨਸੀਆਰ ਦੇ 75 ਫੀਸਦੀ ਪਰਿਵਾਰਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਗਲੇ ਵਿੱਚ ਖਰਾਸ਼ ਜਾਂ ਖੰਘ ਨਾਲ ਪੀੜਤ ਹਨ। ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਕਾਰਨ 58% ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰਦਰਦ ਹੈ, ਜਦਕਿ 50 ਫੀਸਦੀ ਨੂੰ ਦਮੇ ਜਾਂ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਦੂਸ਼ਣ ਕਾਰਨ ਇੱਕ ਮਹੀਨੇ ਦੇ ਅੰਦਰ ਪੀੜ੍ਹਤ ਪਰਿਵਾਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।