4 ਮੈਂਚਾਂ ਦੀ ਸੀਰੀਜ਼ ਉਤੇ 3-1 ਨਾਲ ਕੀਤਾ ਕਬਜ਼ਾ
ਸੰਜੂ ਸੈਮਸਨ ਅਤੇ ਤਿਲਕ ਵਰਮਾ ਨੇ ਠੋਕੇ ਸੈਂਕੜੇ
ਜੌਹਾਨਸਬਰਗ, 16 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਭਾਰਤ ਦੀ ਨੌਜਵਾਨ ਟੀਮ ਵੱਲੋਂ ਦੱਖਣੀ ਅਫਰੀਕਾ ਖਿਲਾਫ ਚਾਰ ਮੈਂਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਜੌਹਾਨਸਬਰਗ ਦੇ ਵਾਂਡਰਡਰਜ਼ ਮੈਦਾਨ ਵਿਚ ਖੇਡੇ ਗਏ ਚੌਥੇ ਟੀ20 ਮੈਚ ਵਿਚ ਸੰਜੂ ਸੈਮਸਨ ਅਤੇ ਤਿਲਕ ਵਰਮਾ ਦੇ ਧਮਾਕੇਦਾਰ ਸੈਂਕੜਿਆਂ ਅਤੇ 210 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਨੇ ਭਾਰਤ ਨੇ ਦੱਖਣੀ ਅਫ਼ਰੀਕਾ ਖਿਲਾਫ 1 ਵਿਕਟ ਉਤੇ 283 ਦੌੜਾਂ ਦਾ ਸਕੋਰ ਬਣਾਇਆ। ਜਿਸ ਵਿਚ ਸੈਮਸਨ ਦੇ 109 (51), ਤਿਲਕ ਵਰਮਾ 120 (47) ਅਤੇ ਅਭਿਸ਼ੇਕ ਸ਼ਰਮਾ 36 (18) ਦਾ ਯੋਗਦਾਨ ਰਿਹਾ। ਇਸ ਤਰ੍ਹਾਂ ਸੰਜੂ ਸੈਮਸਨ ਤੇ ਤਿਲਕ ਵਰਮਾ ਇਸ ਟੀ20 ਸੀਰੀਜ਼ ਵਿਚ ਦੋ-ਦੋ ਸੈਕੜੇ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ ਅਤੇ ਇਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਬੱਲੇਬਾਜ਼ਾਂ ਨੇ ਟੀ-20 ਸੀਰੀਜ਼ ਦੇ ਆਖਰੀ ਮੈਚ ਵਿਚ ਹਮਲਾਵਰ ਰਵੱਈਆ ਦਿਖਾਇਆ ਅਤੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਤਬਾਹ ਕਰ ਦਿੱਤਾ। ਸੰਜੂ ਨੇ ਆਪਣੇ ਕਰੀਅਰ ਦਾ ਤੀਜਾ ਅਤੇ ਇਸ ਸੀਰੀਜ਼ ਦਾ ਦੂਜਾ ਸੈਂਕੜਾ ਸਿਰਫ 51 ਗੇਂਦਾਂ ‘ਚ ਲਗਾਇਆ।
ਇਸ ਤੋਂ ਪਹਿਲਾਂ ਸੰਜੂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਪਾਵਰਪਲੇ ‘ਚ 73 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਅਭਿਸ਼ੇਕ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਸੰਜੂ ਨੇ ਹਮਲਾ ਜਾਰੀ ਰੱਖਿਆ। ਸਟਾਰ ਬੱਲੇਬਾਜ਼ ਨੇ ਸਿਰਫ 28 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਬੱਲਾ ਨਹੀਂ ਰੁਕਿਆ। ਤਿਲਕ ਵਰਮਾ ਦੇ ਆਉਣ ਤੋਂ ਬਾਅਦ ਸੰਜੂ ਦੀ ਰਫਤਾਰ ਕੁਝ ਹੌਲੀ ਹੁੰਦੀ ਨਜ਼ਰ ਆ ਰਹੀ ਸੀ ਪਰ ਫਿਰ ਵੀ ਉਸ ਨੇ ਆਪਣੇ ਕਰੀਅਰ ਦਾ ਤੀਜਾ ਅਤੇ ਇਸ ਸੀਰੀਜ਼ ਦਾ ਦੂਜਾ ਸੈਂਕੜਾ ਸਿਰਫ 51 ਗੇਂਦਾਂ ‘ਚ ਲਗਾਇਆ, ਜਿਸ ਵਿਚ 6 ਚੌਕੇ ਅਤੇ 9 ਛੱਕੇ ਸ਼ਾਮਲ ਸਨ।
ਇਸ ਦੌਰਾਨ ਤਿਲਕ ਵਰਮਾ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਲਗਾਤਾਰ ਦੂਜਾ ਸੈਂਕੜਾ ਲਗਾਇਆ। ਪਿਛਲੇ ਮੈਚ ‘ਚ ਹੀ ਤਿਲਕ ਨੇ ਤੀਜੇ ਨੰਬਰ ‘ਤੇ ਖੇਡ ਕੇ ਆਪਣੇ ਕੈਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਸੀ ਅਤੇ ਹੁਣ ਜੋਹਾਨਸਬਰਗ ‘ਚ ਵੀ ਉਨ੍ਹਾਂ ਨੇ ਉਸੇ ਸਥਿਤੀ ‘ਤੇ ਖੇਡ ਕੇ ਇਹ ਕਾਰਨਾਮਾ ਦਿਖਾਇਆ ਹੈ। ਹਾਲਾਂਕਿ, ਦੱਖਣੀ ਅਫਰੀਕਾ ਦੇ ਫੀਲਡਰਾਂ ਨੇ ਤਿਲਕ ਦੇ ਦੋ ਕੈਚ ਛੱਡੇ, ਜਦੋਂ ਕਿ ਸੰਜੂ ਦਾ ਵੀ ਇੱਕ ਕੈਚ ਛੱਡਿਆ। ਤਿਲਕ ਨੇ ਇਸ ਦਾ ਪੂਰਾ ਫਾਇਦਾ ਉਠਾਇਆ ਅਤੇ ਸਿਰਫ 41 ਗੇਂਦਾਂ ‘ਚ ਧਮਾਕੇਦਾਰ ਸੈਂਕੜਾ ਜੜ ਦਿੱਤਾ, ਜਿਸ ਵਿਚ 9 ਚੌਕੇ ਅਤੇ 10 ਛੱਕੇ ਸ਼ਾਮਲ ਸਨ।
ਭਾਰਤੀ ਟੀਮ ਵਲੋਂ ਮਿੱਥੇ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਰੀਕੀ ਬੱਲੇਬਾਜ਼, ਭਾਰਤੀ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦੀ ਸਵਿੰਗ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੇ ਅਤੇ ਮਹਿਜ਼ 10 ਦੌੜਾਂ ਉਤੇ 4 ਵਿਕਟਾਂ ਗੁਆ ਲਈਆਂ। ਅਰਸ਼ਦੀਪ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ 2-2 ਅਤੇ ਪਾਂਡਿਆ-ਰਵੀ ਬਿਸ਼ਨੋਈ ਤੇ ਰਮਨਦੀਪ ਸਿੰਘ ਨੇ 1-1 ਵਿਕਟ ਹਾਸਲ ਕੀਤੀ। ਦੱਖਣੀ ਅਫ਼ਰੀਕਾ ਵੱਲੋਂ ਸਟੱਬਜ਼ ਅਤੇ ਡੇਵਿਡ ਮਿੱਲਰ ਵਲੋਂ ਹੀ ਕੁਝ ਵਧੀਆ ਬੱਲੇਬਾਜ਼ੀ ਕੀਤੀ ਗਈ ਅਤੇ ਦੋਵਾਂ ਨੇ ਮਿਲ ਕੇ 86 ਦੌੜਾਂ ਦੀ ਸਾਂਝੇਦਾਰੀ ਨਿਭਾਈ। ਉਹਨਾਂ ਦੇ 96 ਦੇ ਸਕੋਰ ਉਤੇ ਆਊਟ ਹੋਣ ਉਪਰੰਤ ਮਾਰਕੋ ਜਾਨਸਨ 29(12) ਨੇ ਕੁਝ ਬਿਹਤਰ ਖੇਡ ਖੇਡੀ, ਜਦਕਿ ਬਾਕੀ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ ਮਹਿਜ਼ 18.2 ਓਵਰਾਂ ਵਿਚ 148 ਦੌੜਾਂ ਬਣਾ ਕੇ ਆਊਟ ਹੋ ਗਈ।
ਇਸ ਤਰ੍ਹਾਂ ਭਾਰਤ ਦੀ ਨੌਜਵਾਨ ਟੀਮ ਨੇ 4 ਮੈਚਾਂ ਦੀ ਟੀ-20 ਸੀਰੀਜ਼ ਉਤੇ 3-1 ਨਾਲ ਕਬਜ਼ਾ ਕਰ ਲਿਆ।
ਮੈਚ ਦੌਰਾਨ ਬਣੇ ਰਿਕਾਰਡ :
* ਇਕ ਪਾਰੀ ਵਿਚ ਸਭ ਤੋਂ ਵੱਧ ਛੱਥੇ : 23 (ਚੋਟੀ ਦੀਆਂ 10 ਟੀਮਾਂ)
* ਟੀ-20 ਮੈਚ ਦੀ ਇਕ ਪਾਰੀ ਵਿਚ ਦੋ ਸੈਂਕੜੇ
* ਟੀ-20 ਮੈਚ ਵਿਚ ਦੂਜੀ ਵਿਕਟ ਲਈ ਸਭ ਤੋਂ ਵੱਡੀ 210 ਦੌੜਾਂ ਦੀ ਸਾਂਝੇਦਾਰੀ
* ਦੱਖਣੀ ਅਫਰੀਕਾ ਵਿਚ ਹੁਣ ਤੱਕ ਦਾ ਇਕ ਪਾਰੀ ਵਿਚ ਸਭ ਤੋਂ ਵੱਡਾ ਸਕੋਰ