ਨਵੀਂ ਦਿੱਲੀ, 9 ਨਵੰਬਰ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਕ੍ਰਿਕਟ ਟੀਮ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ ਅਤੇ ਆਪਣੇ ਮੈਚ ਕਿਸੇ ਨਿਰਪੱਖ ਸਥਾਨ ‘ਤੇ ਖੇਡਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਅਤੇ ਹੋਰ ਹਿੱਸੇਦਾਰਾਂ ਨੂੰ ਆਪਣੇ ਫੈਸਲੇ ਬਾਰੇ ਜਾਣੂੰ ਕਰਾ ਦਿੱਤਾ ਹੈ। ਇਸ ਦੇ ਨਾਲ ਹੀ ਦੁਬਈ ਵਿੱਚ ਕੁਝ ਮੈਚ ਖੇਡੇ ਜਾਣ ਦੀ ਪੂਰੀ ਸੰਭਾਵਨਾ ਹੈ।
ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਚੈਂਪੀਅਨਜ਼ ਟਰਾਫੀ ਮੈਚ ਖੇਡਣ ਲਈ ਟੀਮ ਇੰਡੀਆ ਦੀ ਅਸਮਰੱਥਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਕਿਸੇ ਨਿਰਪੱਖ ਸਥਾਨ ‘ਤੇ ਮੈਚ ਖੇਡਣਾ ਚਾਹੁੰਦੇ ਹਨ ਅਤੇ ਦੁਬਈ ਇਕ ਅਜਿਹਾ ਸਥਾਨ ਹੈ, ਜਿਥੇ ਭਾਰਤੀ ਖਿਡਾਰੀਆਂ ਨੂੰ ਕੋਈ ਦਿੱਕਤ ਨਹੀਂ।
ਕੌਮਾਂਤਰੀ ਕ੍ਰਿਕਟ ਕੌਂਸਿਲ (ਆਈ.ਸੀ.ਸੀ.) ਨੇ ਪਹਿਲਾਂ ਹੀ ਇਸ ਬਹੁ-ਰਾਸ਼ਟਰੀ ਟੂਰਨਾਮੈਂਟ ਲਈ ਸਮਾਂ-ਸਾਰਣੀ ਦਾ ਖਰੜਾ ਤਿਆਰ ਕਰ ਲਿਆ ਸੀ ਅਤੇ ਭਾਰਤ ਨੂੰ ਲਾਹੌਰ ਵਿੱਚ ਮੈਚ ਖੇਡਣੇ ਸਨ। ਹੁਣ ਬੀਸੀਸੀਆਈ ਦੇ ਇਸ ਫੈਸਲੇ ਦੇ ਨਤੀਜੇ ਵਜੋਂ ਟੂਰਨਾਮੈਂਟ ਦਾ ਸ਼ਡਿਊਲ ਦਾ ਐਲਾਨ ਕਰਨ ਤੋਂ ਪਹਿਲਾਂ ਕੁਝ ਬਦਲਾਅ ਕੀਤੇ ਜਾਣਗੇ।
ਇਹ ਟੂਰਨਾਮੈਂਟ 19 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ ਅਤੇ 9 ਮਾਰਚ ਨੂੰ ਖਿਤਾਬੀ ਮੁਕਾਬਲਾ ਹੋਣਾ ਹੈ। ਪੀਸੀਬੀ ਨੇ 50 ਓਵਰਾਂ ਦੇ ਟੂਰਨਾਮੈਂਟ ਲਈ ਆਪਣੇ ਮੌਜੂਦਾ ਸਥਾਨਾਂ ਨੂੰ ਅਪਗ੍ਰੇਡ ਕਰਨ ਦੀ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।