ਚੰਡੀਗੜ੍ਹ/ਨਵੀਂ ਦਿੱਲੀ, 3 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਸਰਕਾਰ ਅਤੇ ਸੁਤੰਤਰ ਸਰੋਤਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਇਸ ਸਾਲ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਖੇਤੀ ਮਾਹਿਰਾਂ ਨੇ ਸਾਵਧਾਨ ਕੀਤਾ ਹੈ ਕਿ ਵਾਢੀ ਵਿੱਚ ਦੇਰੀ ਹੋਣ ਨਾਲ ਅਜੇ ਵੀ ਖ਼ਤਰਾ ਪੈਦਾ ਹੋ ਸਕਦਾ ਹੈ।
ਨਾਸਾ ਦੇ VIIRS ਸੈਟੇਲਾਈਟ ਮਾਨੀਟਰਿੰਗ ਸਿਸਟਮ ਨੇ ਇਸ ਸਾਲ 15 ਸਤੰਬਰ ਤੋਂ 2 ਨਵੰਬਰ ਤੱਕ ਅੱਗ ਦੀਆਂ 3,916 ਘਟਨਾਵਾਂ ਦਰਜ ਕੀਤੀਆਂ, ਜੋ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 11,262 ਸਨ। ਇਹ ਅੰਕੜੇ ਸਾਲਾਨਾ ਪਰਾਲੀ ਸਾੜਨ ਦੇ ਪੈਟਰਨ ਵਿੱਚ ਇੱਕ ਨਾਟਕੀ ਤਬਦੀਲੀ ਨੂੰ ਦਰਸਾਉਂਦੇ ਹਨ, ਜੋ ਆਮ ਤੌਰ ‘ਤੇ ਉੱਤਰੀ ਭਾਰਤ ਵਿੱਚ ਖ਼ਤਰਨਾਕ ਧੂੰਏਂ ਦਾ ਰੂਪ ਧਾਰਨ ਕਰਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ 8,586 ਅੱਗਾਂ ਦੇ ਮੁਕਾਬਲੇ ਇਸ ਸਾਲ 1 ਅਕਤੂਬਰ ਤੋਂ 2 ਨਵੰਬਰ ਦਰਮਿਆਨ 3,570 ਅੱਗਾਂ ਲੱਗੀਆਂ ਅਤੇ 2012 ਤੋਂ 2021 ਦਰਮਿਆਨ ਔਸਤਨ 30,249 ਅੱਗਾਂ ਲੱਗੀਆਂ।