ਚੰਡੀਗੜ੍ਹ, 25 ਮਾਰਚ, ਪੰਜਾਬੀ ਦੁਨੀਆ ਬਿਊਰੋ :
ਬੀਤੀ ਕੱਲ੍ਹ ਐਚ.ਆਈ.ਜੀ. ਫਲੈਟਸ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ 39-ਬੀ, ਚੰਡੀਗੜ੍ਹ ਦੇ ਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਰੈਜੀਡੈਂਟਸ ਦੀਆਂ ਸਮੱਸਿਆਵਾਂ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸੰਸਥਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਿਟਰਨਿੰਗ ਅਫਸਰ ਅਮਿਤ ਕੈਂਥ ਦੀ ਦੇਖ ਰੇਖ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਅਮਰਦੀਪ ਸਿੰਘ ਜਦਕਿ ਮੀਤ ਪ੍ਰਧਾਨ ਕਿਰਨਦੀਪ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਸੀਨੀਅਰ ਰੈਜੀਡੈਂਟ ਅਵਤਾਰ ਸਿੰਘ ਬਾਜਵਾ, ਅਜੇ ਭਟਨਾਗਰ, ਸੁਦੇਸ਼ ਸ਼ਰਮਾ, ਅਨੁਪਮਾ ਚੋਪੜਾ ਸਮੇਤ ਹੋਰ ਨਿਵਾਸੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਪ੍ਰਧਾਨ ਅਮਰਦੀਪ ਸਿੰਘ ਨੂੰ ਆਪਣੀ ਨਵੀਂ ਟੀਮ ਜਲਦ ਚੁਣਨ ਦਾ ਅਧਿਕਾਰ ਦਿੱਤਾ।
ਦੱਸਣਯੋਗ ਹੈ ਕਿ ਨਵੇਂ ਚੁਣੇ ਪ੍ਰਧਾਨ ਅਮਰਦੀਪ ਸਿੰਘ ਸਮਾਜ ਸੇਵੀ ਕੰਮਾਂ ਵਿਚ ਲਗਾਤਾਰ ਸਰਗਰਮ ਰਹਿੰਦੇ ਹਨ ਅਤੇ ਉਹ ਫੋਸਵਾ ਦੇ ਵਾਈਸ ਚੇਅਰਮੈਨ ਅਤੇ ਫੌਸਵੈਕ ਦੇ ਕਨਵੀਨਰ ਵੀ ਹਨ।
ਇਸ ਮੌਕੇ ਇਲਾਕਾ ਐਮ.ਸੀ. ਮੈਡਮ ਗੁਰਬਖ਼ਸ਼ ਰਾਵਤ ਨੇ ਪ੍ਰਧਾਨ ਅਮਰਦੀਪ ਸਿੰਘ ਤੇ ਮੀਤ ਪ੍ਰਧਾਨ ਕਿਰਨਦੀਪ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਨਾਲ ਸੈਕਟਰ 39-ਬੀ ਵਿਚ ਵਿਕਾਸ ਕਾਰਜਾਂ ਦੀ ਆਸ ਬੱਝੇਗੀ ਅਤੇ ਉਹਨਾਂ ਅਹੁਦੇਦਾਰਾਂ ਨੂੰ ਹਮੇਸ਼ਾਂ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਫੋਸਵਾ ਦੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਅਤੇ ਫੌਸਵੈਕ ਦੇ ਚੇਅਰਮੈਨ ਬਲਜਿੰਦਰ ਬਿੱਟੂ ਨੇ ਆਰ.ਡਬਲਿਊ.ਏ. ਐਚ.ਆਈ.ਜੀ. ਫਲੈਟਸ
ਸੈਕਟਰ 39-ਬੀ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੈਕਟਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਹਮੇਸ਼ਾਂ ਸੰਸਥਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।