ਨਵੀਂ ਦਿੱਲੀ, 8 ਅਗਸਤ, ਪੰਜਾਬੀ ਦੁਨੀਆ ਬਿਊਰੋ :
ਭਾਰਤ ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਭਾਰਤ ਵੱਲੋਂ ਲਗਾਤਾਰ ਦੂਜੀ ਵਾਰ ਉਲੰਪਿਕ ਵਿਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਵੀ ਰਚਿਆ ਗਿਆ ਹੈ। ਭਾਰਤੀ ਜਿੱਤ ਦੇ ਹੀਰੋ ਰਹੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਟੋਕੀਓ ਓਲੰਪਿਕ ਵਿੱਚ ਜਿੱਤੇ ਕਾਂਸੀ ਦੇ ਤਗਮੇ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਪੇਨ ਨੇ ਸ਼ੁਰੂਆਤੀ ਬੜ੍ਹਤ ਹਾਸਲ ਕੀਤੀ ਜਦੋਂ ਮਾਰਕ ਮਿਰਾਲੇਸ ਪੋਰਟੀਲੋ ਨੇ 18ਵੇਂ ਮਿੰਟ ਵਿੱਚ ਸ਼੍ਰੀਜੇਸ਼ ਨੂੰ ਪਛਾੜਦੇ ਹੋਏ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਦਿੱਤਾ। ਦੂਜੇ ਕੁਆਰਟਰ ਵਿੱਚ ਕਈ ਹੋਰ ਪੈਨਲਟੀ ਕਾਰਨਰ ਦੇ ਬਾਵਜੂਦ, ਸਪੇਨ ਆਪਣੀ ਬੜ੍ਹਤ ਨੂੰ ਵਧਾਉਣ ਵਿੱਚ ਅਸਮਰੱਥ ਰਿਹਾ। ਭਾਰਤੀ ਗੋਲਕੀਪਰ ਸ਼੍ਰੀਜੇਸ਼ ਦੀ ਅਗਵਾਈ ਵਿੱਚ ਭਾਰਤ ਦੇ ਚੌਕਸ ਡਿਫੈਂਸ ਸਦਕਾ ਭਾਰਤ ਨੇ ਸਪੇਨ ਦੇ ਫਾਰਵਰਡ ਖਿਡਾਰੀਆਂ ਦੀ ਇੱਕ ਨਾ ਚੱਲਣ ਦਿੱਤੀ।
ਆਖ਼ਰ ਭਾਰਤ ਨੇ ਸਪੇਨ ਉਤੇ ਦਬਾਅ ਬਣਾਉਂਦਿਆਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਜ਼ਬਰਦਸਤ ਡਰੈਗ ਫਲਿੱਕ ਸਦਕਾ 30ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤੀ ਟੀਮ ਨੂੰ ਬਰਾਬਰੀ ਉਤੇ ਲੈਆਂਦਾ। ਹਰਮਨਪ੍ਰੀਤ ਨੇ ਤੀਜੇ ਕੁਆਰਟਰ (33ਵੇਂ ਮਿੰਟ) ਵਿੱਚ ਫਿਰ ਗੋਲ ਕਰਕੇ ਭਾਰਤ ਨੂੰ 2-1 ਦੀ ਨਿਰਣਾਇਕ ਬੜ੍ਹਤ ਦਿਵਾਈ।ਗ੍ਰੇਟ ਬ੍ਰਿਟੇਨ ਖਿਲਾਫ ਕੁਆਰਟਰ ਫਾਈਨਲ ਵਿਚ ਭਾਰਤ ਨੇ ਸਿਰਫ 10 ਖਿਡਾਰੀਆਂ ਨਾਲ ਖੇਡਦਿਆਂ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਜ਼ਬਰਦਸਤ ਗੋਲਕੀਪਿੰਗ ਸਦਕਾ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਵਿਚ ਥਾਂ ਬਣਾਈ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਜਰਮਨੀ ਨਾਲ ਸਖ਼ਤ ਮੁਕਾਬਲਾ ਹੋਇਆ। ਭਾਰਤੀ ਟੀਮ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਰਕੋ ਮਿਲਟਕਾਊ ਦੇ 54ਵੇਂ ਮਿੰਟ ਦੇ ਗੋਲ ਨੇ ਭਾਰਤ ਦੇ ਫਾਈਨਲ ਵਿੱਚ ਪਹੁੰਚਣ ਦੇ ਸੁਪਨੇ ਨੂੰ ਢਾਹ ਲਾਈ।