ਐਸ.ਏ.ਐਸ.ਨਗਰ, 21 ਮਾਰਚ, ਪੰਜਾਬੀ ਦੁਨੀਆ ਬਿਊਰੋ :
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣਾਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਜਾਂ ਸ਼ਿਕਾਇਤ ਦਰਜ ਕਰਵਾਉਣ ਜਿਵੇਂ ਕਿ ਕਾਲਾ ਧਨ, ਹਵਾਲਾ ਰਾਸ਼ੀ, ਨਗਦੀ, ਸੋਨੇ ਜਾਂ ਚਾਂਦੀ ਦੇ ਬਿਸਕੁਟ ਆਦਿ ਲਈ ਸੂਬਾਈ ਹੈੱਡ-ਕੁਆਰਟਰ ਵਿਖੇ ਬੀ ਪੀ ਯੂ ਆਫ਼ਿਸ, ਚੰਡੀਗੜ੍ਹ (ਕਮਰਾ ਨੰਬਰ ਜੀ-02, ਗਰਾਊਂਡ ਫਲੋਰ, ਆਯਕਰ ਭਵਨ, ਸੈਕਟਰ 17 ਈ, ਚੰਡੀਗੜ੍ਹ) ਵਿਖੇ ਵਿਸ਼ੇਸ਼ ਟੋਲ ਫਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜੋ 24 ਘੰਟੇ (24×7) ਖੁੱਲਾ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਸੂਬਾ ਪੱਧਰ ‘ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ‘ਤੇ ਚੋਣਾਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਜਾਂ ਸ਼ਿਕਾਇਤ ਦਰਜ ਕਰਵਾਉਣ ਟੋਲ-ਫਰੀ ਨੰਬਰ 1800-180-2141 ਅਤੇ ਮੋਬਾਈਲ ਨੰਬਰ 7589166713 ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ ਜਿੱਥੇ ਕੋਈ ਵੀ ਵਿਅਕਤੀ ਲੋਕ ਸਭਾ ਦੀਆਂ ਆਮ ਚੋਣਾਂ ਦੇ ਸਬੰਧ ਵਿੱਚ, ਜ਼ਿਲ੍ਹੇ ਦੇ ਅੰਦਰ ਨਕਦੀ, ਸਰਾਫਾ ਅਤੇ ਹੋਰ ਕੀਮਤੀ ਚੀਜ਼ਾਂ ਦੀ ਸ਼ੱਕੀ ਆਵਾਜਾਈ/ਵੰਡਣ ਬਾਰੇ ਆਮਦਨ ਕਰ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ ਅਤੇ ਕੋਈ ਵੀ ਜਾਣਕਾਰੀ ਦੇ ਸਕਦਾ ਹੈ। ਇਸ ਤੋਂ ਇਲਾਵਾ ਚੋਣ ਜ਼ਾਬਤੇ ਦੀ ਉਲੰਘਣਾਂ ਜਾਂ ਚੋਣਾਂ ਸਬੰਧੀ ਕਿਸੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਇਹ ਕੰਟਰੋਲ ਰੂਮ ਆਦਰਸ਼ ਚੋਣ ਜ਼ਾਬਤੇ ਦੇ ਪੂਰੇ ਸਮੇਂ ਦੌਰਾਨ, ਭਾਵ, ਆਮ ਚੋਣਾਂ 2024 ਦੀ ਘੋਸ਼ਣਾ ਦੀ ਮਿਤੀ ਤੋਂ ਚੋਣਾਂ ਖਤਮ ਹੋਣ ਤੱਕ ਕਾਰਜਸ਼ੀਲ ਰਹੇਗਾ।”