
ਸ਼ਿਵਮ ਦੂਬੇ (26(12) ਅਤੇ 2/25) ਨੂੰ ਮੈਨ ਆਫ ਦੀ ਮੈਚ ਐਲਾਨਿਆ
ਹਰਾਰੇ, 14 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਨੌਜਵਾਨ ਭਾਰਤੀ ਕ੍ਰਿਕਟ ਟੀਮ ਨੇ ਜ਼ਿੰਬਾਬਵੇ ਖਿਲਾਫ ਟੀ20 ਸੀਰੀਜ਼ ਵਿੱਚ ਮਹੱਤਵਪੂਰਨ ਜਿੱਤ ਦਰਜ ਕੀਤੀ ਹੈ।
ਸੰਜੂ ਸੈਮਸਨ ਦੇ ਅਰਧ ਸੈਂਕੜੇ ਅਤੇ ਮੁਕੇਸ਼ ਕੁਮਾਰ ਦੀਆਂ ਚਾਰ ਵਿਕਟਾਂ ਦੀ ਮੱਦਦ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ ਪੰਜਵੇਂ ਅਤੇ ਆਖਰੀ T20 ਮੈਚ ਵਿੱਚ 42 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ ਇਸ ਤਰ੍ਹਾਂ ਸ਼ੀਰੀਜ਼ ‘ਤੇ 4-1 ਨਾਲ ਕਬਜ਼ਾ ਕਰ ਲਿਆ ਹੈ। ਵਧੀਆ ਪ੍ਰਦਰਸ਼ਨ ਸਦਕਾ ਸ਼ਿਵਮ ਦੂਬੇ (26(12) ਅਤੇ 2/25) ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਕਟ ਕੀਪਰ ਸੰਜੂ ਸੈਮਸਨ ਨੇ 45 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਭਾਰਤ ਦੀਆਂ ਇਕ ਸਮੇਂ ਤਿੰਨ ਵਿਕਟਾਂ ‘ਤੇ 44 ਦੌੜਾਂ ਸਨ ਅਤੇ ਪਾਰੀ ਨੂੰ ਸਥਿਰ ਕਰਨ ਲਈ ਇਕ ਸਾਂਝੇਦਾਰੀ ਦੀ ਲੋੜ ਸੀ। ਉਪਰੰਤ ਸੈਮਸਨ ਅਤੇ ਰਿਆਨ ਪਰਾਗ ਨੇ ਚੌਥੇ ਵਿਕਟ ਲਈ 65 ਦੌੜਾਂ ਜੋੜੀਆਂ। ਜਿਸ ਤੋਂ ਬਾਅਦ ਸ਼ਿਵਮ ਦੂਬੇ ਅਤੇ ਰਿੰਕੂ ਸਿੰਘ ਦੀ ਚੰਗੀ ਬੱਲੇਬਾਜ਼ੀ ਸਦਕਾ ਭਾਰਤੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 167 ਦੌੜਾਂ ਬਣਾਈਆਂ।
ਭਾਰਤ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਨੇ ਪਹਿਲੇ 10 ਓਵਰਾਂ ‘ਚ ਚੰਗੀ ਖੇਡ ਦਿਖਾਈ ਪਰ ਭਾਰਤੀ ਗੇਂਦਬਾਜ਼ਾਂ ਨੇ ਮੱਧ ਓਵਰਾਂ ‘ਚ ਵਧੀਆ ਪ੍ਰਦਰਸ਼ਨ ਕਰਦਿਆਂ ਜ਼ਿੰਬਾਬਵੇ ਬੱਲੇਬਾਜ਼ਾਂ ਨੂੰ ਸਕੋਰ ਬਣਾਉਣਾ ਮੁਸ਼ਕਲ ਕਰ ਦਿੱਤਾ। ਮੁਕੇਸ਼ ਕੁਮਾਰ (4/22), ਸ਼ਿਵਮ ਦੂਬੇ (2/25) ਅਤੇ ਵਾਸ਼ਿੰਗਟਨ ਸੁੰਦਰ, ਦੇਸ਼ਪਾਂਡੇ ਤੇ ਅਭਿਸ਼ੇਕ ਸ਼ਰਮਾ ਨੇ ਕ੍ਰਮਵਾਰ 1-1 ਵਿਕਟ ਨਾਲ ਭਾਰਤੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿੰਬਾਬਵੇ ਨੂੰ 18.3 ਓਵਰਾਂ ਵਿੱਚ 125 ਦੌੜਾਂ ‘ਤੇ ਢੇਰ ਕਰ ਦਿੱਤਾ।
ਜ਼ਿੰਬਬਾਵੇ ਵਲੋਂ ਤਾਦੀਵਾਨਾਸ਼ੇ ਮਾਰੂਮਨੀ (27) ਅਤੇ ਡਿਓਨ ਮਾਇਰਸ (34) ਦੀ ਜੋੜੀ ਨੇ ਤੀਜੇ ਵਿਕਟ ਲਈ 44 ਦੌੜਾਂ ਜੋੜੀਆਂ। ਜਦਕਿ ਕਪਤਾਨ ਸਿਕੰਦਰ ਰਜ਼ਾ (8) ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਅਖੀਰ ਵਿਚ ਅਕਰਮ ਨੇ 27 ਦੌੜਾਂ ਦਾ ਯੋਗਦਾਨ ਪਾਇਆ, ਬਾਕੀ ਕੋਈ ਵੀ ਖਿਡਾਰੀ ਕੁਝ ਖਾਸ ਨਹੀਂ ਕਰ ਸਕਿਆ। ਇਸ ਤਰ੍ਹਾਂ ਭਾਰਤ ਨੇ ਮੈਚ ਅਤੇ ਸੀਰੀਜ਼ ਜਿੱਤ ਲਈ ਹੈ।