Breaking News

ਲੋਨਾਵਾਲਾ ‘ਚ ਛੁੱਟੀਆਂ ਮਨਾਉਣ ਆਏ ਇੱਕੋ ਪਰਿਵਾਰ ਦੇ 5 ਜੀਅ ਪਾਣੀ ਦੇ ਵਹਾਅ ‘ਚ ਰੁੜ੍ਹੇ, 3 ਲਾਸ਼ਾਂ ਬਰਾਮਦ

ਮੁੰਬਈ, 1 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਮੁੰਬਈ ਦੇ ਨਾਲ ਲੱਗਦੇ ਲੋਨਾਵਾਲਾ ‘ਚ ਛੁੱਟੀਆਂ ਮਨਾਉਣ ਗਏ ਪੂਰੇ ਪਰਿਵਾਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਨਸੂਨ ਦੀਆਂ ਛੁੱਟੀਆਂ ਮਨਾਉਣ ਲਈ ਲੋਨਾਵਾਲਾ ਆਏ ਇੱਕ ਪਰਿਵਾਰ ਦੇ ਪੰਜ ਮੈਂਬਰ ਝਰਨੇ ਵਿੱਚ ਰੁੜ੍ਹ ਗਏ। ਇਹ ਝਰਨਾ ਭੁਸੀ ਡੈਮ ਦੇ ਪਿੱਛੇ ਇੱਕ ਪਹਾੜੀ ਉੱਤੇ ਬਣਿਆ ਹੋਇਆ ਹੈ ਅਤੇ ਇਸ ਨੂੰ ਰੇਲਵੇ ਫਾਲਸ ਵੀ ਕਿਹਾ ਜਾਂਦਾ ਹੈ। ਇਸ ਘਟਨਾ ਦੀ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਪਲ ਨੂੰ ਕੈਦ ਕੀਤਾ ਗਿਆ ਹੈ ਜਿਸ ਵਿੱਚ ਸੱਤ ਜੀਆਂ ਦਾ ਪਰਿਵਾਰ ਪਾਣੀ ਦੇ ਇਕ ਤੇਜ਼ ਵਹਾਅ ਰੁੜ ਗਿਆ ਹੈ।

ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਸ਼ਹਿਸਤਾ ਲਿਆਕਤ ਅੰਸਾਰੀ (36), ਅਮੀਮਾ ਆਦਿਲ ਅੰਸਾਰੀ (13) ਅਤੇ ਉਮਰਾ ਆਦਿਲ ਅੰਸਾਰੀ (8) ਵਜੋਂ ਕੀਤੀ ਹੈ। ਇਸ ਦੇ ਨਾਲ ਹੀ ਪਾਣੀ ਦੇ ਤੇਜ਼ ਵਹਾਅ ਵਿੱਚ ਲਾਪਤਾ ਹੋਏ ਕੁਝ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਦਨਾਨ ਸਬਾਹਤ ਅੰਸਾਰੀ (4) ਅਤੇ ਮਾਰੀਆ ਅਕੀਲ ਅੰਸਾਰੀ (9) ਅਜੇ ਵੀ ਲਾਪਤਾ ਹਨ।

ਬਚਾਅ ਦਲ ਅਤੇ ਜਲ ਸੈਨਾ ਦੇ ਗੋਤਾਖੋਰਾਂ ਨੇ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਚਲਾਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਪਰਿਵਾਰ ਦੇ ਮੈਂਬਰ ਭੂਸ਼ੀ ਡੈਮ ਨੇੜੇ ਝਰਨਾ ਦੇਖਣ ਗਏ ਸਨ ਪਰ ਇਲਾਕੇ ‘ਚ ਭਾਰੀ ਮੀਂਹ ਕਾਰਨ ਅਚਾਨਕ ਪਾਣੀ ਦਾ ਵਹਾਅ ਵਧ ਗਿਆ ਅਤੇ ਪਰਿਵਾਰ ਦੇ 5 ਮੈਂਬਰ ਵਹਿ ਗਏ।

ਜਿਸ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ, ਉਸ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਮੁੰਬਈ ਤੋਂ ਕੁਝ ਰਿਸ਼ਤੇਦਾਰ ਵਿਆਹ ਲਈ ਆਏ ਸਨ। ਪਾਣੀ ਵਿੱਚ ਡੁੱਬਣ ਵਾਲਾ ਪਰਿਵਾਰ ਪੁਣੇ ਸਈਅਦ ਨਗਰ ਦਾ ਰਹਿਣ ਵਾਲਾ ਹੈ। ਇਹ ਜਾਣਕਾਰੀ ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦਿੱਤੀ ਹੈ। ਇਹ ਘਟਨਾ ਕੱਲ੍ਹ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰੀ। ਸਥਾਨਕ ਲੋਕ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੱਸੀਆਂ ਅਤੇ ਟਰੈਕਿੰਗ ਗੇਅਰ ਨਾਲ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਪੁਲਿਸ ਅਨੁਸਾਰ, ਸੈਲਾਨੀ ਝਰਨੇ ਵਿੱਚ ਫਿਸਲ ਗਏ ਅਤੇ ਹੇਠਾਂ ਵੱਲ ਜਲ ਭੰਡਾਰ ਵਿੱਚ ਡੁੱਬ ਗਏ। ਰਿਪੋਰਟਾਂ ਦੇ ਅਨੁਸਾਰ ਸਥਾਨਕ ਲੋਕਾਂ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਝਰਨੇ ਦੇ ਅਧਾਰ ‘ਤੇ ਕੱਚੇ ਪੱਥਰਾਂ ‘ਤੇ ਖਿਸਕ ਗਏ ਹੋਣ ਅਤੇ ਤੇਜ਼ ਪਾਣੀ ਵਿਚ ਵਹਿ ਗਏ ਹੋਣ। ਉਸੇ ਸਥਾਨ ਤੋਂ ਇੱਕ ਹੋਰ ਕਥਿਤ ਵੀਡੀਓ ਵਿੱਚ ਸੈਂਕੜੇ ਲੋਕ ਡੈਮ ਦੇ ਕਿਨਾਰਿਆਂ ਅਤੇ ਕੰਧਾਂ ‘ਤੇ ਬੈਠੇ ਦਿਖਾਈ ਦੇ ਰਹੇ ਹਨ। ਝਰਨੇ ਦੇ ਵਿਚਕਾਰ ਖਾਣ-ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ, ਜਿੱਥੇ ਸੈਲਾਨੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾਂ ਤੇਜ਼ ਪਾਣੀ ਦੇ ਵਹਾਅ ਦਾ ਆਨੰਦ ਲੈ ਰਹੇ ਸਨ। ਸੈਲਾਨੀਆਂ ਨੂੰ ਇਲਾਕੇ ਵਿੱਚ ਜਾਣ ਤੋਂ ਰੋਕਣ ਲਈ ਕੋਈ ਸੁਰੱਖਿਆ ਪ੍ਰਬੰਧ ਨਜ਼ਰ ਨਹੀਂ ਆਏ।

Leave a Reply

Your email address will not be published. Required fields are marked *