Breaking News

ਮਾਨ ਦਲ ਦੇ ਉਮੀਦਵਾਰ ਨੇ ਬਾਦਲਾਂ ਵਲੋਂ ਵਿਸਾਰੇ ਸਲੋਗਾਨ ਨੂੰ ਆਪਣਾ ਚੋਣ ਮੁੱਦਾ ਬਣਾਇਆ

ਚੰਡੀਗੜ੍ਹ, 31 ਮਈ, ਪੰਜਾਬੀ ਦੁਨੀਆ ਬਿਊਰੋ :

ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਨੇ ਬੇਸ਼ੱਕ ਚੰਡੀਗੜ੍ਹ ਵਾਸੀਆਂ ਨਾਲ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ, ਪੰਜਾਬੀ ਭਾਸ਼ਾ ਨੂੰ ਲਾਗੂ ਕਰਨ, ਉਜਾੜੇ ਗਏ ਪਿੰਡਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਅਤੇ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਹੋਣ ਦੇਣ ਵਰਗੇ ਅਨੇਕਾਂ ਵਾਅਦੇ ਕੀਤੇ ਹਨ, ਪਰ ਉਹਨਾਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋਂ ਵਿਸਾਰੇ ਗਏ ਆਪਣੇ ਸਲੋਗਾਨ “ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ” ਨੂੰ ਆਪਣਾ ਨਾਅਰਾ ਬਣਾ ਕੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਬਾਦਲ ਪਰਿਵਾਰ ਨੂੰ ਆਪਣਾ ਕੱਟੜ ਵਿਰੋਧੀ ਦੱਸਦੇ ਹਨ, ਪਰ ਦੂਜੇ ਪਾਸੇ ਉਹਨਾਂ ਦੇ ਚੰਡੀਗੜ੍ਹ ਤੋਂ ਇਕਲੌਤੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਵਲੋਂ ਅਕਾਲੀ ਦਲ ਬਾਦਲ ਦਾ ਸਲੋਗਾਨ ਵਰਤ ਕੇ ਅਕਾਲੀ ਖੇਮੇ ਦੀਆਂ ਵੋਟਾਂ ਦਾ ਲਾਹਾ ਲੈਣ ਲਈ ਕਥਿਤ ਤੌਰ ‘ਤੇ ਚਾਲ ਚੱਲੀ ਗਈ ਜਾਪਦੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਅਕਾਲੀ ਦਲ ਪ੍ਰਧਾਨ ਰਹੇ ਅਤੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ, ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਅਜਿਹੇ ਹਾਲਾਤ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲ ਸਮਰਥਕ ਵੋਟਰ, ਉਮਦੀਵਾਰ ਲਖਵੀਰ ਸਿੰਘ ਕੋਟਲਾ ਨੂੰ ਕਿੰਨੀ ਕੁ ਤਵੱਜੋ ਦਿੰਦੇ ਹਨ, ਜਦਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਸਮੂਹ ਉਮੀਦਵਾਰ, ਅਕਾਲੀ ਦਲ ਬਾਦਲ ਤੋਂ ਵੱਖਰੇ ਹੋ ਕੇ ਆਪਣੇ ਬਲਬੂਤੇ ਉਤੇ ਚੋਣਾਂ ਲੜ ਰਹੇ ਹਨ।

Leave a Reply

Your email address will not be published. Required fields are marked *