Breaking News

T20 ਵਿਸ਼ਵ ਕੱਪ: ਭਾਰਤ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਇੰਗਲੈਂਡ ਨਾਲ ਹੋਵੇਗਾ ਪਹਿਲਾ ਸੈਮੀਫਾਈਨਲ;

ਆਸਟ੍ਰੇਲੀਆ ਵਿਸ਼ਵ ਕੱਪ ‘ਚੋਂ ਬਾਹਰ

ਚੰਡੀਗੜ੍ਹ, 25 ਜੂਨ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀਆਂ ਤੂਫਾਨੀ ਅਤੇ ਤਾਬੜਤੋੜ 92 ਦੌੜਾਂ ਸਦਕਾ ਭਾਰਤੀ ਟੀਮ ਨੂੰ ਆਸਟ੍ਰੇਲੀਆਈ ਟੀਮ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਇੰਗਲੈਂਡ ਖਿਲਾਫ ਖੇਡਣ ਦਾ ਰਾਹ ਪੱਧਰਾ ਕਰ ਲਿਆ ਹੈ। ਸੇਂਟ ਲੂਸੀਆ ‘ਚ ਟਾਸ ਜਿੱਤਣ ਤੋਂ ਬਾਅਦ ਫੀਲਡਿੰਗ ਕਰਨ ਦਾ ਆਸਟ੍ਰੇਲੀਆ ਦਾ ਫੈਸਲਾ ਜਲਦੀ ਹੀ ਗਲਤ ਸਾਬਤ ਹੋਇਆ, ਜਦੋਂ ਰੋਹਿਤ ਸ਼ਰਮਾ ਵੱਲੋਂ 41 ਗੇਂਦਾਂ ਉਤੇ ਧੂੰਆਂਧਾਰ 92 ਦੌੜਾਂ ਸਦਕਾ ਭਾਰਤੀ ਟੀਮ ਨੇ 5 ਵਿਕਟਾਂ ‘ਤੇ 205 ਦੌੜਾਂ ਬਣਾ ਦਿੱਤੀਆਂ।

ਭਾਰਤੀ ਟੀਮ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਪਹਿਲੇ ਹੀ ਓਵਰ ਵਿੱਚ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣ ਗਏ ਅਤੇ ਉਸਦਾ ਸਲਿੱਪ ਵਿਚ ਸੂਰਿਆ ਕੁਮਾਰ ਵਲੋਂ ਬਿਹਤਰੀਨ ਕੈਚ ਫੜਿਆ ਗਿਆ। ਉਪਰੰਤ ਕਪਤਾਨ ਮਿਸ਼ਲ ਮਾਰਚ ਅਤੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਪਾਵਰਪਲੇਅ ਵਿਚ 1 ਵਿਕਟ ਦੇ ਨੁਕਸਾਨ ਉਤੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 65 ਦੌੜਾਂ ਜੋੜੀਆਂ। ਪਾਵਰਪਲੇ ਦੀ ਸਮਾਪਤੀ ਤੋਂ ਬਾਅਦ ਆਸਟਰੇਲੀਆਈ ਕਪਤਾਨ 37 ਦੌੜਾਂ ‘ਤੇ ਕੁਲਦੀਪ ਯਾਦਵ ਦੀ ਗੇਂਦ ਉਤੇ ਅਕਸ਼ਰ ਪਟੇਲ ਵਲੋਂ ਜ਼ਬਰਦਸਤ ਲਏ ਕੈਂਚ ਸਦਕਾ ਆਊਟ ਹੋ ਗਏ। ਦੂਜੇ ਪਾਸੇ ਟ੍ਰੈਵਿਸ ਹੈੱਡ ਨੇ 24 ਗੇਂਦਾਂ ‘ਤੇ ਵਧੀਆ ਅਰਧ ਸੈਂਕੜਾ ਜੜਿਆ, ਗਲੇਨ ਮੈਕਸਵੈੱਲ ਨੇ ਤੇਜ਼ 20 ਦੌੜਾਂ ਦੀ ਪਾਰੀ ਖੇਡ ਕੇ ਆਸਟ੍ਰੇਲੀਆ ਨੂੰ 128 ਦੌੜਾਂ ‘ਤੇ ਪਹੁੰਚਾ ਦਿੱਤਾ। 14ਵੇਂ ਓਵਰ ‘ਚ ਕੁਲਦੀਪ ਨੇ ਮੈਕਸਵੈੱਲ ਨੂੰ ਵੀ ਕਲੀਨ ਬੋਲਡ ਕਰ ਦਿੱਤਾ। ਭਾਰਤੀ ਗੇਂਦਬਾਜ਼ਾਂ ਦੇ ਦਬਾਅ ਹੇਠ ਆਸਟ੍ਰੇਲੀਆਈ ਬੱਲੇਬਾਜ਼ ਟਿਕ ਨਾ ਸਕੇ ਅਤੇ ਮਾਰਕ ਸਟੋਨਿਸ ਸਿਰਫ਼ ਦੋ ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਜ਼ਰੂਰੀ ਰਨ-ਰੇਟ ਵਧਣਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀਆਂ ਉਮੀਦਾਂ 5 ਵਿਕਟਾਂ ‘ਤੇ 150 ਦੌੜਾਂ ‘ਤੇ ਖਤਮ ਹੋ ਗਈਆਂ ਸਨ, ਜਦੋਂ ਹੈੱਡ ਨੇ 17ਵੇਂ ਓਵਰ ਵਿਚ ਜਸਪ੍ਰੀਤ ਬੁਮਰਾਹ ਦੀ ਹੌਲੀ ਗੇਂਦ ਨੂੰ ਰੋਹਿਤ ਨੂੰ ਕੈਚ ਦੇ ਦਿੱਤਾ।

ਆਸਟ੍ਰੇਲੀਆਈ ਟੀਮ ਵਲੋਂ ਟ੍ਰੈਵਿਸ ਹੈੱਡ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਭਾਰਤ ਨੇ ਨਿਯਮਤ ਵਿਕਟਾਂ ਲੈਣੀਆਂ ਜਾਰੀ ਰੱਖੀਆਂ, ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੇ 2, ਅਕਸ਼ਰ ਤੇ ਬੁਮਰਾ ਨੇ 1-1 ਵਿਕਟ ਹਾਸਲ ਕੀਤੀ। ਇਸ ਤਰ੍ਹਾਂ ਆਸਟ੍ਰੇਲੀਆ ਦੀ ਪਾਰੀ ਮਹਿਜ਼ 181 ਦੌੜਾਂ ਉਤੇ ਹੀ ਸਿਮਟ ਗਈ ਅਤੇ ਭਾਰਤ ਨੇ ਵਿਸ਼ਵ ਕੱਪ 2023 ਦੇ ਫਾਈਨਲ ਦੀ ਹਾਰ ਦਾ ਬਦਲਾ ਵੀ ਲੈ ਲਿਆ।

ਇਸ ਤੋਂ ਪਹਿਲਾਂ, ਵਿਰਾਟ ਕੋਹਲੀ ਪੰਜ ਗੇਂਦਾਂ ‘ਤੇ ਜ਼ੀਰੋ ਦੇ ਸਕੋਰ ‘ਤੇ ਕੈਚ ਆਊਟ ਹੋ ਗਿਆ, ਇਸ ਤੋਂ ਪਹਿਲਾਂ ਕਿ ਭਾਰਤੀ ਕਪਤਾਨ ਰੋਹਿਤ ਨੇ ਪਾਵਰਪਲੇਅ ਵਿਚ ਆਸਟ੍ਰੇਲੀਆ ਦੇ ਦਿੱਗਜ਼ ਗੇਂਦਬਾਜ਼ ਮਿਚਲ ਸਟਾਰਕ ਦੇ ਇਕ ਹੀ ਓਵਰ ਵਿਚ 29 ਦੌੜਾਂ ਬਣਾ ਕੇ ਸਨਸਨੀ ਫੈਲਾ ਦਿੱਤੀ ਅਤੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਦਾ ਸਕੋਰ ਇਕ ਵਿਕਟ ‘ਤੇ 60 ਦੌੜਾਂ ‘ਤੇ ਪਹੁੰਚਾਇਆ। ਜਦੋਂਕਿ ਰਿਸ਼ਭ ਪੰਤ (15), ਮਾਰਕਸ ਸਟੋਇਨਿਸ ਦੇ ਸ਼ਿਕਾਰ ਬਣੇ ਅਤੇ ਅੱਠਵੇਂ ਓਵਰ ਵਿੱਚ ਭਾਰਤ ਨੂੰ 2 ਵਿਕਟਾਂ ‘ਤੇ 93 ਦੌੜਾਂ ‘ਤੇ ਪੁੱਜ ਗਿਆ। ਰੋਹਿਤ ਫਿਰ ਆਪਣੇ ਸੈਂਕੜੇ ਤੋਂ ਥੋੜ੍ਹਾ ਪਿਛੇ ਰਹਿ ਗਏ ਜਦੋਂ 92 ਦੌੜਾਂ ‘ਤੇ ਆਊਟ ਹੋ ਗਿਆ। ਮਿਸ਼ੇਲ ਸਟਾਰਕ ਦਾ ਇੱਕ ਯਾਰਕਰ, ਜਿਸ ਨੇ 41 ਗੇਂਦਾਂ ਵਿੱਚ ਸੱਤ ਚੌਕੇ ਅਤੇ ਅੱਠ ਛੱਕੇ ਲਗਾਏ। ਸੂਰਿਆਕੁਮਾਰ ਯਾਦਵ ਨੇ 31 ਅਤੇ ਸ਼ਿਵਮ ਦੁਬੇ ਨੇ 22 ਗੇਂਦਾਂ ਵਿੱਚ 28 ਦੌੜਾਂ ਬਣਾਈਆਂ, ਹਾਰਦਿਕ ਪਾਂਡਿਆ ਨੇ ਵੀ ਅਜੇਤੂ 27 ਦੌੜਾਂ ਬਣਾ ਕੇ ਭਾਰਤ ਦੇ ਮਜ਼ਬੂਤ ਸਕੋਰ ਵਿੱਚ ਵਾਧਾ ਕੀਤਾ।

ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ਦਰਜ ਕਰਦਿਆਂ ਹੁਣ ਗਿਆਨਾ ਵਿਖੇ ਇੰਗਲੈਂਡ ਟੀਮ ਨਾਲ ਆਪਣਾ ਪਹਿਲਾ ਸੈਮੀਫਾਈਨਲ ਮੈਚ 27 ਜੂਨ ਨੂੰ ਖੇਡੇਗੀ, ਜਦਕਿ ਦੂਜਾ ਸੈਮੀਫਾਈਨਲ ਮੈਚ ਅਫਗਾਨਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਖੇਡਿਆ ਜਾਵੇਗਾ। .

Leave a Reply

Your email address will not be published. Required fields are marked *