
ਨਵੀਂ ਦਿੱਲੀ/ਚੰਡੀਗੜ੍ਹ, 15 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਭਾਰਤ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਮਾਨਸੂਨ ਸੀਜ਼ਨ ਦੌਰਾਨ ਐਲ-ਨੀਨੋ ਸਥਿਤੀਆਂ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਇਸ ਵਾਰ ਭਾਰਤ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਇਹ ਭਵਿੱਖਬਾਣੀ ਖੇਤੀਬਾੜੀ ਅਤੇ ਅਰਥਵਿਵਸਥਾ ਲਈ ਸਕਾਰਾਤਮਕ ਖ਼ਬਰਾਂ ਲੈ ਕੇ ਆਈ ਹੈ। ਇੱਕ ਰਿਪੋਰਟ ਅਨੁਸਾਰ, ਦੇਸ਼ ਦੇ ਕੁੱਲ ਕਾਸ਼ਤ ਕੀਤੇ ਖੇਤਰ ਦਾ ਲਗਭਗ 52 ਪ੍ਰਤੀਸ਼ਤ ਮਾਨਸੂਨ ਬਾਰਿਸ਼ ‘ਤੇ ਨਿਰਭਰ ਕਰਦਾ ਹੈ, ਜੋ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਿਜਲੀ ਉਤਪਾਦਨ ਲਈ ਵੀ ਮਹੱਤਵਪੂਰਨ ਹਨ।
ਭਾਰਤੀ ਮੌਸਮ ਵਿਭਾਗ ਦੇ ਮੁਖੀ ਮ੍ਰਿਤੁੰਜੈ ਮਹਾਪਾਤਰਾ ਦੇ ਅਨੁਸਾਰ, ਭਾਰਤ ਵਿੱਚ ਚਾਰ ਮਹੀਨਿਆਂ ਦੇ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ 87 ਸੈਂਟੀਮੀਟਰ ਦੀ ਲੰਬੀ ਮਿਆਦ ਦੀ ਔਸਤ ਦਾ 105 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਮੌਨਸੂਨ ਆਮ ਤੌਰ ‘ਤੇ 1 ਜੂਨ ਦੇ ਕਰੀਬ ਕੇਰਲ ਵਿਚ ਦਸਤਕ ਦਿੰਦਾ ਹੈ ਅਤੇ ਸਤੰਬਰ ਦੇ ਅੱਧ ਤੱਕ ਆਪਣੀ ਵਾਪਸੀ ਸ਼ੁਰੂ ਕਰ ਦਿੰਦਾ ਹੈ। ਉਧਰ, ਜਲਵਾਯੂ ਮਾਹਿਰਾਂ ਨੇ ਬਾਰਿਸ਼ ਦੇ ਪੈਟਰਨਾਂ ਵਿੱਚ ਬਦਲਾਅ ਨੋਟ ਕੀਤਾ ਹੈ, ਜਿਸ ਤਹਿਤ ਘੱਟ ਬਰਸਾਤੀ ਦਿਨ ਪਰ ਵਧੇਰੇ ਤੇਜ਼ ਬਾਰਿਸ਼ ਦੇ ਨਾਲ, ਸੋਕੇ ਅਤੇ ਹੜ੍ਹ ਦੋਵਾਂ ਦਾ ਜੋਖਮ ਵਧਦਾ ਹੈ।