
ਮੋਹਾਲੀ, 21 ਮਾਰਚ, ਪੰਜਾਬੀ ਦੁਨੀਆ ਬਿਊਰੋ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਸਾਇੰਸਿਜ਼ ਵੱਲੋਂ ਰਾਸ਼ਟਰੀ ਗਣਿਤ ਦਿਵਸ ਦੇ ਸਬੰਧ ਵਿੱਚ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਵੱਲੋਂ ਸਪਾਂਸਰ ਕੀਤਾ ਗਿਆ।
ਇਸ ਦੌਰਾਨ 400 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਸਮਾਗਮਾਂ ਅਤੇ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਇਸ ਸਮਾਗਮ ਦੀ ਸ਼ੁਰੂਆਤ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਵਿਹਾਰਕ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸ ਵਿਸ਼ੇ ਪ੍ਰਤੀ ਆਪਣਾ ਉਤਸ਼ਾਹ ਬਣਾਈ ਰੱਖਣ ਦੀ ਅਪੀਲ ਕੀਤੀ। ਡਾ. ਪਰਵਿੰਦਰ ਸਿੰਘ, ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਦੀ ਚਤੁਰਾਈ ਅਤੇ ਖੋਜ ਭਰਪੂਰ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਐਮਸੀਐਮ ਡੀਏਵੀ, ਚੰਡੀਗੜ੍ਹ ਤੋਂ ਸੇਵਾਮੁਕਤ ਪ੍ਰੋਫੈਸਰ ਡਾ. ਨੀਲਾ ਪਵਾਰ ਵੱਲੋਂ ਮਾਹਿਰ ਸੂਝ ਸਾਂਝੀ ਕੀਤੀ ਗਈ, ਜਿਨ੍ਹਾਂ ਨੇ ਗਣਿਤ ਦੇ ਇਤਿਹਾਸਕ ਉਪਯੋਗਾਂ, ਖਾਸ ਕਰਕੇ ਆਰਕੀਟੈਕਚਰ ਅਤੇ ਮੂਰਤੀ ਕਲਾ ਵਿੱਚ ਗਣਿਤ ਦੀ ਵਿਆਖਿਆ ਕੀਤੀ। ਡਾ. ਸੁਚੇਤਾ ਦੱਤ, ਪੀਈਸੀ ਦੀ ਇੱਕ ਪ੍ਰੋਫੈਸਰ, ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਕੋਡਿੰਗ ਅਤੇ ਗੁਪਤ ਕੋਡ (ਕ੍ਰਿਪਟੋਗ੍ਰਾਫੀ) ਕੰਪਿਊਟਰ ਨੈਟਵਰਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਇਹ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਚੁਸਤ ਬਣਾਉਣ ਵਿੱਚ ਮਹੱਤਵਪੂਰਨ ਹਨ।
ਯੂਨੀਵਰਸਿਟੀ ਸਕੂਲ ਆਫ ਸਾਇੰਸਿਜ਼ ਦੇ ਡੀਨ, ਪ੍ਰੋ. ਮਨੋਜ ਬਾਲੀ ਨੇ ਗਣਿਤ ਵਿੱਚ ਰਾਮਾਨੁਜਨ ਦੇ ਮਹੱਤਵਪੂਰਨ ਯੋਗਦਾਨਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਉਨ੍ਹਾਂ ਦੀ ਮੁਢਲੀ ਖੋਜ ਅਤੇ ਮੋਢੀ ਫਾਰਮੂਲੇ ਸ਼ਾਮਲ ਹਨ, ਜੋ ਆਧੁਨਿਕ ਖੋਜਕਰਤਾਵਾਂ ਨੂੰ ਪ੍ਰੇਰਤਿ ਕਰਦੇ ਰਹਿੰਦੇ ਹਨ।
ਇਸ ਵਰਕਸ਼ਾਪ ਦੀ ਸਮਾਪਤੀ ਈਵੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਨਾਲ ਹੋਈ, ਜਿਸ ਨਾਲ ਵਿਦਿਆਰਥੀਆਂ ਵਿੱਚ ਭਾਗੀਦਾਰੀ ਅਤੇ ਪ੍ਰੇਰਣਾ ਦੀ ਭਾਵਨਾ ਪੈਦਾ ਹੋਈ।
ਸਮਾਗਮ ਦੇ ਅੰਤ ਵਿੱਚ ਡਾ. ਰਵਨੀਤ ਕੌਰ ਮੁਖੀ ਗਣਿਤ ਵਿਭਾਗ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।