ਚੰਡੀਗੜ੍ਹ, 31 ਮਈ, ਪੰਜਾਬੀ ਦੁਨੀਆ ਬਿਉਰੋ :
ਵੋਟ ਪਾਉਣ ਸਮੇਂ ਤੁਸੀਂ ਇਹ ਆਮ ਹੀ ਦੇਖਿਆ ਹੋਵੇਗਾ ਕਿ ਪੋਲਿੰਗ ਸਟਾਫ ਹਮੇਸ਼ਾ ਖੱਬੇ ਹੱਥ ਦੀ ਉਂਗਲ ਉਤੇ ਹੀ ਸਿਆਹੀ ਲਾਉਂਦਾ ਹੈ। ਇਹ ਪ੍ਰਸ਼ਨ ਤਕਰੀਬਨ ਹਰੇਕ ਵਿਅਕਤੀ ਦੇ ਦਿਮਾਗ਼ ਵਿਚ ਆਉਂਦਾ ਹੈ ਕਿ ਸਿਆਹੀ ਹਮੇਸ਼ਾ ਖੱਬੇ ਹੱਥ ਦੀ ਪਹਿਲੀ ਉਂਗਲ ਉੱਤੇ ਹੀ ਕਿਉਂ ਲਗਾਈ ਜਾਂਦੀ ਹੈ?
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਦਾ ਕਹਿਣਾ ਹੈ ਕਿ ਸਿਆਹੀ ਇਕ ਕੈਮੀਕਲ ਹੈ, ਜੋ ਕਈ ਦਿਨਾਂ ਤੱਕ ਉਂਗਲ ਉਤੇ ਲੱਗੀ ਰਹਿੰਦੀ ਹੈ। ਆਮ ਤੌਰ ਉਤੇ ਜ਼ਿਆਦਾਤਰ ਵਿਅਕਤੀ ਖਾਣਾ ਸੱਜੇ ਹੱਥ ਨਾਲ ਖਾਂਦੇ ਹਨ। ਇਸ ਤਰਾਂ ਕੈਮੀਕਲ ਨਾਲ ਸਿਹਤ ਖਰਾਬ ਹੋਣ ਜਾਂ ਕੋਈ ਇਨਫੈਕਸ਼ਨ ਨਾ ਹੋਣ ਸਬੰਧੀ ਪਰਹੇਜ਼ ਕਰਦੇ ਹੋਏ ਖੱਬੇ ਹੱਥ ਦੀ ਪਹਿਲੀ ਉਂਗਲ ‘ਤੇ ਸਿਆਹੀ ਲਾਈ ਜਾਂਦੀ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਪਹਿਲੀ ਉਂਗਲ ਨਹੀਂ ਤਾਂ ਉਸਦੀ ਅਗਲੀ ਉਂਗਲ ‘ਤੇ ਇਹ ਸਿਆਹੀ ਲਗਾਈ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦਾ ਖੱਬਾ ਹੱਥ ਹੀ ਨਹੀਂ ਤਾਂ ਫਿਰ ਇਹ ਸਿਆਹੀ ਸੱਜੇ ਹੱਥ ਉਤੇ ਲਗਾਈ ਜਾਂਦੀ ਹੈ।