ਚੰਡੀਗੜ੍ਹ, 1 ਮਈ, ਪੰਜਾਬੀ ਦੁਨੀਆ ਬਿਊਰੋ :
ਚੰਡੀਗੜ੍ਹ ‘ਚ ਸੁਖਨਾ ਝੀਲ ਤੋਂ ਗਵਰਨਰ ਹਾਊਸ ਨੂੰ ਜਾਂਦੀ ਸੜਕ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਐਸਯੂਵੀ ਅਤੇ ਇੱਕ ਆਟੋ ਵਿਚਕਾਰ ਹੋਇਆ। ਇਸ ਵਿੱਚ ਇੱਕ ਵਿਦਿਆਰਥਣ ਅਤੇ ਆਟੋ ਚਾਲਕ ਦੀ ਮੌਤ ਹੋ ਗਈ ਹੈ। ਚਾਰ ਹੋਰ ਵਿਦਿਆਰਥਣਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ।ਆਟੋ ਵਿੱਚ ਕੁੱਲ ਪੰਜ ਵਿਦਿਆਰਥਣਾਂ ਸਵਾਰ ਸਨ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਜ਼ਖ਼ਮੀ ਹਨ। ਇਨ੍ਹਾਂ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਮ੍ਰਿਤਕਾ ਦੀ ਪਹਿਚਾਣ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਵਸਨੀਕ ਅੰਜਲੀ ਵਜੋਂ ਹੋਈ ਹੈ, ਜਦਕਿ ਜ਼ਖਮੀ ਵਿਦਿਆਰਥਣਾਂ ਲੱਦਾਖ ਦੀਆਂ ਦੱਸੀਆਂ ਜਾਂਦੀਆਂ ਹਨ। ਅਜੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅੰਜਲੀ ਬੀਏ ਫਾਈਨਲ ਦੀ ਵਿਦਿਆਰਥਣ ਸੀ। ਜਦੋਂ ਕਿ ਚਾਰ ਹੋਰ ਲੜਕੀਆਂ ਵਿੱਚੋਂ ਤਿੰਨ ਲੜਕੀਆਂ ਬੀ.ਐਸ.ਸੀ ਦੀਆਂ ਵਿਦਿਆਰਥਣਾਂ ਸਨ ਅਤੇ ਚੌਥੀ ਵਿਦਿਆਰਥਣ ਅੰਜਲੀ ਦੇ ਨਾਲ ਬੀ.ਐਸ.ਸੀ. ਫਾਈਨਲ ਵਿੱਚ ਪੜ੍ਹ ਰਹੀਆਂ ਸਨ।ਇਹ ਸਾਰੀਆਂ ਵਿਦਿਆਰਥਣਾਂ ਆਪਣੇ ਪੇਪਰ ਦੇਣ ਲਈ ਚੰਡੀਗੜ੍ਹ ਦੇ ਖਾਲਸਾ ਕਾਲਜ ਜਾ ਰਹੀਆਂ ਸਨ ਅਤੇ ਅੱਜ ਕਾਲਜ ਵਿੱਚ ਉਨ੍ਹਾਂ ਦਾ ਪਹਿਲਾ ਪੇਪਰ ਸੀ। ਉਨ੍ਹਾਂ ਨੇ ਮੋਹਾਲੀ ਦੇ ਨਵਾਂਗਾਓਂ ਤੋਂ ਆਟੋ ਲਿਆ ਸੀ।