

ਲੋਕ ਨਿਰਮਾਣ ਵਿਭਾਗ ਨੇ ਨਿਕਾਸੀ ਲਈ ਕੰਕਰੀਟ ਪਾਈਪਾਂ ਵਰਤਣ ਦੀ ਕੀਤੀ ਹੈ ਮਨਾਹੀ
ਬੀਡੀਪੀਓ ਨੇ ਕੰਮ ਰੁਕਵਾਇਆ; ਲੋਕ ਨਿਰਮਾਣ ਵਿਭਾਗ 6 ਮਹੀਨੇ ਪਹਿਲਾਂ ਅਜਿਹੀਆਂ ਪਾਈਪਾਂ ‘ਤੇ ਲਗਾ ਚੁੱਕਾ ਹੈ ਰੋਕ
ਮੁਕੇਰੀਆਂ, 29 ਅਗਸਤ, ਮਨਜੀਤ ਸਿੰਘ ਚੀਮਾ
:
ਸਰਪੰਚਾਂ ਵਲੋਂ ਆਪਣੀ ਮਨਮਰਜੀ ਪੁਗਾਉਣ ਲਈ ਕੀਤੀ ਜਾ ਰਹੀ ਫੰਡਾਂ ਦੀ ਕਥਿਤ ਦੁਰਵਰਤੋਂ ਕੌਣ ਰੋਕੂ, ਇਹ ਵੱਡਾ ਸਵਾਲ ਖੜ੍ਹਾ ਹੋਣ ਲੱਗਾ ਹੈ। ਪਿੰਡ ਨੁਸ਼ਿਹਰਾ ਪੱਤਣ ਵਿੱਚ ਪਿੰਡ ਦੇ ਸਰਪੰਚ ਵਲੋਂ ਆਪਣੀ ਕਥਿਤ ਜਿੱਦ ਪੁਗਾਉਣ ਲਈ ਗੁਣਵੱਤਾ ਦੀ ਜਾਂਚ ਪਰਖ ਲਈ ਨੋਡਲ ਏਜੰਸੀ ਪੀ ਡਬਲਯੂ ਡੀ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਕੰਕਰੀਟ ਦੀਆਂ ਪਾਈਪਾਂ ਨਾ ਪਾਉਣ ਦੀਆਂ ਹਦਾਇਤਾਂ ਨੁੰ ਟਿੱਚ ਜਾਣਦਿਆਂ ਪਿੰਡ ‘ਚ ਅਜਿਹੀਆਂ ਪਾਈਪਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਅਤੇ ਪੰਚਾਇਤੀ ਰਾਜ ਦੇ ਤਕਨੀਕੀ ਅਧਿਕਾਰੀ ਚੁੱਪ ਵੱਟੀ ਬੈਠੇ ਹਨ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਇਹ ਪਾਈਪਾਂ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਨੁਕਸਾਨਦੇਹ ਹੋਣ ਬਾਰੇ ਅਤੇ ਇਨ੍ਹਾਂ ਪਾਈਪਾਂ ਦੀ ਥਾਂ ਖੁੱਲੇ ਨਾਲੇ ਬਣਾਉਣ ਬਾਰੇ ਬੀਡੀਪੀਓ ਮੁਕੇਰੀਆਂ ਤੇ ਪੰਚਾਇਤੀ ਰਾਜ ਦੇ ਐਸਡੀਈ ਨੂੰ ਪੱਤਰ ਲਿਖਣ ਦੇ ਬਾਵਜੂਦ ਇਹ ਪਾਈਪਾਂ ਖਰੀਦੀਆਂ ਜਾਣੀਆਂ ਅਤੇ ਪਿੰਡ ਵਿੱਚ ਪਾਈਆਂ ਜਾਣਾ ਪੰਚਾਇਤ ਅਤੇ ਪੰਚਾਇਤੀ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਕਥਿਤ ਵਿੱਤੀ ਨੁਕਸਾਨ ਨੂੰ ਸ਼ੱਕ ਦੇ ਕਟਹਿਰੇ ਅੰਦਰ ਖੜ੍ਹਾ ਕਰ ਰਿਹਾ ਹੈ। ਇਹ ਮਾਮਲਾ ਨੁਸ਼ਿਹਰਾ ਪੱਤਣ ਦੇ ਇੱਕ ਵਸਨੀਕ ਨੂੰ ਲੋਕ ਨਿਰਮਾਣ ਵਿਭਾਗ, ਬੀਡੀਪੀਓ ਮੁਕੇਰੀਆਂ ਤੇ ਡੀਐਸਪੀ ਮੁਕੇਰੀਆਂ ਨੂੰ ਇਹ ਪਾਈਪਾਂ ਧੱਕੇ ਨਾਲ ਪਿੰਡ ਵਿੱਚ ਪਾਉਣ ਬਾਰੇ ਦਿੱਤੀ ਸ਼ਿਕਾਇਤ ਤੋਂ ਬਾਅਦ ਉਜਾਗਰ ਹੋਇਆ ਹੈ।
ਪਿੰਡ ਨੁਸ਼ਿਹਰਾ ਪੱਤਣ ਦੇ ਵਸਨੀਕ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਵਲੋਂ ਪਿੰਡ ਵਿੱਚ ਲੋਕ ਨਿਰਮਾਣ ਵਿਭਾਗ ਵਲੋਂ ਨੁਕਸਾਨਦੇਹ ਮੰਨੀਆਂ ਜਾਂਦੀਆਂ ਸੀ ਸੀ ਪਾਈਪਾਂ ਪਾਣੀ ਦੀ ਨਿਕਾਸੀ ਲਈ ਪਾਈਆਂ ਜਾ ਰਹੀਆਂ ਹਨ। ਸਰਪੰਚ ਵਲੋਂ ਅਜਿਹੀਆਂ ਪਾਈਪਾਂ ਉਨ੍ਹਾਂ ਦੀ ਹਵੇਲੀ ਸਾਹਮਣੇ ਵੀ ਪਾਉਣ ਦੀ ਧੱਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਇਹ ਪਾਈਪਾਂ ਪਾਉਣ ਉੱਤੇ ਲੋਕ ਨਿਰਮਾਣ ਵਿਭਾਗ ਵਲੋਂ ਲਗਾਈ ਰੋਕ ਬਾਰੇ ਪੰਚਾਇਤ ਨੂੰ ਜਾਣੂ ਕਰਵਾਉਂਦਿਆਂ ਇਨ੍ਹਾਂ ਪਾਈਪਾਂ ਦੀ ਥਾਂ ਖੁੱਲਾ ਨਾਲਾ ਬਣਾਉਣ ਦੀ ਬੇਨਤੀ ਕੀਤੀ ਤਾਂ ਸਰਪੰਚ ਧੱਕੇਸ਼ਾਹੀ ‘ਤੇ ਉੱਤਰ ਆਇਆ। ਜਿਸ ਦੇ ਖਿਲਾਫ਼ ਉਨ੍ਹਾਂ ਵੱਖ ਵੱਖ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ।
ਲੋਕ ਨਿਰਮਾਣ ਵਿਭਾਗ 6 ਮਹੀਨੇ ਪਹਿਲਾਂ ਇਨ੍ਹਾਂ ਪਾਈਪਾਂ ਦੀ ਵਰਤੋਂ ‘ਤੇ ਲਗਾ ਚੁੱਕਾ ਹੈ ਰੋਕ:
ਜਸਪਾਲ ਸਿੰਘ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਪੱਤਰ ਦੀਆਂ ਕਾਪੀਆਂ ਦਿੰਦਿਆਂ ਦੱਸਿਆ ਕਿ ਪੀ ਡਬਲਯੂ ਡੀ ਨੇ 13/2/2025 ਨੂੰ ਪਿੰਡ ਗਾਹਲੜੀਆਂ ਦੀ ਪੰਚਾਇਤ ਵਲੋਂ ਅਜਿਹੀਆ ਪਾਈਪਾਂ ਪਾਉਣ ਦੀ ਮੰਗੀ ਇਜਾਜ਼ਤ ਦੇਣ ਤੋਂ ਮਨਾਂ ਕਰ ਦਿੱਤਾ ਸੀ। ਕਾਰਜਕਾਰੀ ਇੰਜੀਨੀਅਰ ਨੇ ਬੀਡੀਪੀਓ ਹਾਜੀਪੁਰ, ਬੀਡੀਪੀਓ ਮੁਕੇਰੀਆਂ ਤੇ ਤਲਵਾੜਾ ਸਮੇਤ ਪੰਚਾਇਤੀ ਰਾਜ ਦੇ ਉੱਪ ਮੰਡਲ ਇੰਜੀਨੀਅਰ ਨੂੰ ਪੱਤਰ ਲਿਖ ਕੇ ਅਜਿਹੀਆਂ ਪਾਈਪਾਂ ਨਿਕਾਸੀ ਅਤੇ ਸੜਕਾਂ ਲਈ ਨੁਕਸਾਨਦੇਹ ਹੋਣ ਅਤੇ ਅੱਗੇ ਤੋਂ ਪਾਈਪਾਂ ਪਾਉਣ ਸਬੰਧੀ ਕੋਈ ਕੇਸ ਨਾ ਭੇਜਣ ਬਾਰੇ ਲਿਖਿਆ ਸੀ। ਕਾਰਜਕਾਰੀ ਇੰਜੀਨੀਅਰ ਦਾ ਮੰਨਣਾ ਸੀ ਕਿ ਇਹ ਪਾਈਪਾਂ ਚੋਕ ਹੋ ਜਾਂਦੀਆਂ ਹਨ ਅਤੇ ਪਾਣੀ ਨਿਕਾਸੀ ਦਾ ਪਾਣੀ ਸੜਕਾਂ ‘ਤੇ ਆ ਜਾਣ ਕਰਕੇ ਸੜਕਾਂ ਦਾ ਨੁਕਸਾਨ ਹੁੰਦਾ ਹੈ। ਇਸ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਹੁੰਦਾ ਹੈ, ਉੱਥੇ ਹੀ ਵਿਭਾਗ ਦਾ ਅਕਸ ਵੀ ਖਰਾਬ ਹੁੰਦਾ ਹੈ। ਨੇ ਲਿਖਿਆ ਸੀ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੰਕਰੀਟ ਪਾਈਪਾਂ ਕੁਝ ਸਮੇਂ ਬਾਅਦ ਚੋਕ ਹੋ ਜਾਂਦੀਆਂ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਆ ਜਾਂਦਾ ਹੈ। ਜਿਸ ਨਾਲ ਸੜਕਾਂ ਖਰਾਬ ਹੋ ਜਾਂਦੀਆਂ ਹਨ ਅਤੇ ਮਹਿਕਮੇ ਦਾ ਅਕਸ ਵੀ ਖਰਾਬ ਹੁੰਦਾ ਹੈ। ਅਜਿਹਾ ਕਰਨਾ ਸਰਕਾਰੀ ਪੈਸੇ ਦਾ ਵਿੱਤੀ ਨੁਕਸਾਨ ਹੈ ਅਤੇ ਮਹਿਕਮਾ ਲੋਕ ਨਿਰਮਾਣ ਵਿਭਾਗ ਇਹ ਪ੍ਰਵਾਨਗੀ ਨਹੀਂ ਦੇ ਸਕਦਾ। ਸੜਕਾਂ ਦੇ ਕਿਨਾਰੇ ਓਪਨ ਡਰੇਨ ਦੀ ਪ੍ਰੋਵੀਜ਼ਨ ਕਰਕੇ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ। ਇਹ ਡਰੇਨਾ ਆਰ ਸੀ ਸੀ ਦੀਆਂ ਬਣਾਈਆਂ ਜਾਣ ਤਾਂ ਜੋ ਲੰਘਣ ਵਾਲੀ ਭਾਰੀ ਟਰੈਫਿਕ ਨਾਲ ਸੜਕਾਂ ਦਾ ਨੁਕਸਾਨ ਨਾ ਹੋ ਸਕੇ।
ਲੋਕ ਨਿਰਮਾਣ ਵਿਭਾਗ ਨੇ ਕੰਮ ਰੋਕਣ ਬਾਰੇ ਬੀਡੀਪੀਓ ਨੂੰ ਕੀਤੀ ਹਦਾਇਤ
ਸ਼ਿਕਾਇਤ ਕਰਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਸਦੀ ਸ਼ਿਕਾਇਤ ‘ਤੇ ਐਸ ਡੀ ਓ ਲੋਕ ਨਿਰਮਾਣ ਨੇ ਬੀਡੀਪੀਓ ਨੂੰ ਪੱਤਰ ਲਿਖ ਕੇ ਇਸ ਕੰਮ ਨੂੰ ਤੁਰੰਤ ਰੋਕਣ ਅਤੇ ਵਿਭਾਗੀ ਮਨਜ਼ੂਰੀ ਬਿਨ੍ਹਾਂ ਕਿਸੇ ਵੀ ਸੜਕ ਕਿਨਾਰੇ ਅਜਿਹੀਆਂ ਪਾਈਪਾਂ ਨਾ ਪਾਉਣ ਦੀ ਹਦਾਇਤ ਕੀਤੀ ਹੈ।
ਕੰਮ ਰੋਕਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ-ਬੀਡੀਪੀਓ ਮੈਡਮ ਸ਼ੁਕਲਾ
ਬੀਡੀਪੀਓ ਮੁਕੇਰੀਆਂ ਸ੍ਰੀਮਤੀ ਸ਼ੁਕਲਾ ਦੇਵੀ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੰਚਾਇਤ ਨੂੰ ਕੰਮ ਰੋਕਣ ਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਲਿਖਤੀ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਮਨਾਹੀ ਵਾਲੇ ਪੱਤਰ ਬਾਰੇ ਅਣਜਾਣਤਾ ਪ੍ਰਗਟਾਉਂਦਿਆਂ ਬੀਡੀਪੀਓ ਨੇ ਕਿਹਾ ਕਿ ਉਨ੍ਹਾਂ ਹਾਲੇ ਦੋ ਮਹੀਨੇ ਪਹਿਲਾਂ ਹੀ ਇੱਥੇ ਜੁਆਇੰਨ ਕੀਤਾ ਹੈ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਯਕੀਨੀ ਬਣਾਇਆ ਜਾਵੇਗਾ।
ਨਿਯਮਾਂ ਦੀ ਨਹੀਂ ਸੀ ਜਾਣਕਾਰੀ-ਸਰਪੰਚ ਜਸਵਿੰਦਰ ਸਿੰਘ

ਇਸ ਸਬੰਧੀ ਸੰਪਰਕ ਕਰਨ ‘ਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੁੰ ਪਾਈਪਾਂ ਪਾਉਣ ਤੋਂ ਪਹਿਲਾਂ ਪੀ ਡਬਲਯੂ ਡੀ ਦੀ ਮਨਜ਼ੂਰੀ ਲੈਣ ਬਾਰੇ ਜਾਣਕਾਰੀ ਨਹੀਂ ਸੀ ਅਤੇ ਇਹ ਪਾਈਪਾਂ ਪਿੰਡ ਵਾਲਿਆਂ ਵਲੋਂ ਆਖਣ ‘ਤੇ ਹੀ ਪਾਈਆਂ ਗਈਆਂ ਹਨ। ਇਸ ਮਾਮਲੇ ‘ਚ ਬੀਡੀਪੀਓ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾਵੇਗਾ।